ਭਾਗਲਪੁਰ, 10 ਜਨਵਰੀ : ਬਿਹਾਰ ਦੇ ਭਾਗਲਪੁਰ ‘ਚ ਇੱਕ ਪਿਤਾ ਵੱਲੋਂ ਆਪਣੇ ਪੁੱਤਰ ਨਾਲ ਮਿਲ ਕੇ ਆਪਣੀ ਧੀ, ਜਵਾਈ ਅਤੇ ਮਾਸ਼ੂਮ ਦੋਹਤੀ ਦੀ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਪੱਪੂ ਸਿੰਘ ਦੀ ਧੀ ਚਾਂਦਨੀ ਨੇ ਤਿੰਨ ਸਾਲ ਪਹਿਲਾਂ ਚੰਦਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ, ਦੋਵਾਂ ਦੀ ਇੱਕ ਧੀ ਰੌਸ਼ਨੀ (18 ਮਹੀਨੇ) ਸੀ। ਵਿਆਹ ਤੋਂ ਬਾਅਦ ਦੋਵੇਂ ਪਰਿਵਾਰਾਂ ਵਾਲੇ ਖੁਸ਼ ਸਨ। ਚੰਦਨ 5 ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਖੇਤੀਬਾੜੀ ਦਾ ਕੰਮ ਕਰਦਾ ਸੀ। ਪਰ ਪੱਪੂ ਸਿੰਘ ਨੂੰ ਆਪਣੀ ਧੀ ਚਾਂਦਨੀ ਦਾ ਇਹ ਵਿਆਹ ਰਾਸ ਨਾ ਆਇਆ ਉਹ ਆਏ ਦਿਨ ਆਪਣੀ ਧੀ ਅਤੇ ਜਵਾਈ ਨਾਲ ਲੜ੍ਹਾਈ ਝਗੜਾ ਰੱਖਦਾ ਸੀ। ਬੀਤੇ ਕਲੱ੍ਹ ਮੰਗਲਵਾਰ ਨੂੰ ਪੱਪੂ ਸਿੰਘ ਨੇ ਪਹਿਲਾਂ ਤਾਂ ਆਪਣੀ ਧੀ ਚਾਂਦਨੀ, ਜਵਾਈ ਚੰਦਨ ਅਤੇ ਦੋਹਤੀ ਰੌਸ਼ਨੀ ਨੂੰ ਰਾਡ ਮਾਰ ਕੇ ਜਖ਼ਮੀ ਕਰ ਦਿੱਤਾ ਅਤੇ ਬਾਅਦ ਵਿੱਚ ਆਪਣੇ ਪੁੱਤ ਨੂੰ ਬੁਲਾ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਜਿੰਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮੁਲਜ਼ਮ ਪੱਪੂ ਸਿੰਘ ਤੇ ਉਸਦਾ ਪੁੱਤਰ ਧੀਰਜ ਸਿੰਘ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। ਇਸ ਵਾਰਦਾਤ ਦੀ ਜਾਂਚ ਕਰ ਰਹੀ ਪੁਲਿਸ ਪਾਰਟੀ ਵੱਲੋਂ ਦੋਵੇਂ ਕਥਿਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜ਼ੂਦ ਲੋਕਾਂ ਅਨੁਸਾਰ 6 ਗੋਲੀਆਂ ਚੱਲਣ ਬਾਰੇ ਦੱਸਿਆ ਜਾ ਰਿਹਾ ਹੈ।