ਨਵੀਂ ਦਿੱਲੀ, 23 ਨਵੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕੀਤੀ ਗਈ ‘ਪਨੌਤੀ’ ਮੋਦੀ ਵਾਲੀ ਟਿੱਪਣੀ ਨੂੰ ਲੈ ਕੇ ਚੋਣ ਕਮਿਸ਼ਨ ਤੋਂ ਝਟਕਾ ਲੱਗਾ ਹੈ। ਕਮਿਸ਼ਨ ਨੇ ‘ਪਨੌਤੀ’, ‘ਜੇਬਕਤਰੇ’ ਤੇ ਕਰਜ਼ਾ ਮਾਫੀ ਵਾਲੀਆਂ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਨੋਟਿਸ ਭੇਜ ਕੇ ਸ਼ਨੀਵਾਰ (25 ਨਵੰਬਰ) ਸ਼ਾਮ 6 ਵਜੇ ਤੱਕ ਜਵਾਬ ਦੇਣ ਲਈ ਕਿਹਾ ਹੈ। ਇਸ ਨਾਲ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਰਾਹੁਲ ਨੂੰ ਤੈਅ ਸਮੇਂ ਦੇ ਅੰਦਰ ਜਵਾਬ ਦੇਣਾ ਹੋਵੇਗਾ। ਜੇ ਚੋਣ ਕਮਿਸ਼ਨ ਕਾਂਗਰਸ ਨੇਤਾ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦਾ ਤਾਂ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਬੁੱਧਵਾਰ (22 ਨਵੰਬਰ) ਨੂੰ ਭਾਜਪਾ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਾਰਵਾਈ ਦੀ ਮੰਗ ਕੀਤੀ ਸੀ। ਪਾਰਟੀ ਦੇ ਜਨਰਲ ਸਕੱਤਰ ਰਾਧਾ ਮੋਹਨ ਦਾਸ ਅਗਰਵਾਲ ਅਤੇ ਇੱਕ ਹੋਰ ਅਧਿਕਾਰੀ ਓਮ ਪਾਠਕ ਸਮੇਤ ਵਫ਼ਦ ਵਿੱਚ ਸ਼ਾਮਲ ਹੋਰ ਆਗੂਆਂ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਅਪਮਾਨਜਨਕ ਕਰਾਰ ਦਿੱਤਾ ਸੀ। ਭਾਜਪਾ ਨੇ ਆਪਣੇ ਮੈਮੋਰੰਡਮ ‘ਚ ਕਿਹਾ ਕਿ ”ਝੂਠ ਦਾ ਜਾਲ ਫੈਲਾਉਣ ਵਿੱਚ ਸ਼ਾਮਲ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਇਨ੍ਹਾਂ ਅਪਰਾਧੀਆਂ ਖਿਲਾਫ ਅਪਰਾਧਕ ਕਾਰਵਾਈ ਸ਼ੁਰੂ ਕਰਨ ਤੇ ਸਖਤ ਕਾਰਵਾਈ ਦੀ ਮੰਗ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੇ ਆਚਰਣ ਵਿੱਚ ਨੈਤਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਚੋਣ ਕਾਨੂੰਨਾਂ ਤੇ ਆਦਰਸ਼ਨ ਚੋਣ ਜ਼ਾਬਤੇ ਦੇ ਦਿਸ਼ਾ-ਨਿਰਦੇਸ਼ਾਂ ਲਈ ਵੀ ਕੋਈ ਸਨਮਾਨ ਨਹੀਂ ਹੈ। ਜ਼ਿਕਰਯੋਗ ਹੈ ਕਿ ਅਹਿਮਦਾਬਾਦ ‘ਚ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ‘ਚ ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪੀਐੱਮ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਰਾਹੁਲ ਨੇ ਰਾਜਸਥਾਨ ‘ਚ ਚੋਣ ਭਾਸ਼ਣ ‘ਚ ਪੀ.ਐੱਮ. ਮੋਦੀ ਖਿਲਾਫ ‘ਪਨੌਤੀ’ ਸ਼ਬਦ ਦੀ ਵਰਤੋਂ ਕੀਤੀ ਸੀ। ਹਾਲਾਂਕਿ ਕਾਂਗਰਸ ਨੇਤਾ ਨੇ ਪੀਐਮ ਮੋਦੀ ਦਾ ਨਾਮ ਨਹੀਂ ਲਿਆ।