ਗੁਰੂਗ੍ਰਾਮ, 12 ਜਨਵਰੀ : ਦਿਵਿਆ ਪਾਹੂਜਾ ਕਤਲਕਾਂਡ 'ਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਆਰੋਪੀ ਬਲਰਾਜ ਗਿੱਲ ਨੇ ਵੱਡਾ ਕਬੂਲਨਾਮਾ ਕੀਤਾ ਹੈ ਕਿ ਉਸ ਨੇ ਤੇ ਰਵੀ ਬੰਗਾ ਨੇ ਦਿਵਿਆ ਦੀ ਲਾਸ਼ ਨੂੰ ਪਟਿਆਲਾ ਨਹਿਰ ਵਿੱਚ ਸੁੱਟਿਆ ਸੀ। ਆਰੋਪੀ ਬਲਰਾਜ ਗਿੱਲ ਨੂੰ ਬੀਤੇ ਦਿਨ ਕ੍ਰਾਈਮ ਬਰਾਂਚ ਨੇ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਸੀ। ਦਿਵਿਆ ਪਾਹੂਜਾ ਕਤਲ ਮਾਮਲੇ ਵਿੱਚ ਆਰੋਪੀ ਬਲਰਾਜ ਗਿੱਲ ਨੇ ਵੱਡਾ ਕਬੂਲਨਾਮਾ ਕਰਦੇ ਹੋਏ ਕਿਹਾ ਹੈ ਕਿ ਲਾਸ਼ ਨੂੰ ਪਟਿਆਲਾ ਨਹਿਰ ਵਿੱਚ ਸੁੱਟਿਆ ਗਿਆ ਸੀ। ਉਸ ਨੇ ਦੱਸਿਆ ਕਿ ਲਾਸ਼ ਨੂੰ ਕਤਲ ਵਾਲੇ ਦਿਨ 3 ਜਨਵਰੀ ਨੂੰ ਹੀ ਨਹਿਰ 'ਚ ਸੁੱਟ ਦਿੱਤਾ ਗਿਆ ਸੀ। ਦੱਸ ਦੇਈਏ ਕਿ ਬਲਰਾਜ ਗਿੱਲ, ਦਿਵਿਆ ਦੀ ਲਾਸ਼ ਨੂੰ ਟਿਕਾਣੇ ਲਾਉਣ ਵਾਲੇ ਮੁਲਜ਼ਮਾਂ ਵਿਚੋਂ ਇੱਕ ਹੈ, ਜਿਸ ਨੂੰ ਗੁਰੂਗ੍ਰਾਮ ਕ੍ਰਾਈਮ ਬਰਾਂਚ ਨੇ ਬੀਤੇ ਦਿਨ ਪੱਛਮੀ ਬੰਗਾਲ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਆਰੋਪੀ ਦੇ ਕਬੂਲਨਾਮੇ ਤੋਂ ਬਾਅਦ ਪੁਲਿਸ ਨੇ ਪਟਿਆਲਾ ਨਹਿਰ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਹੁਣ ਪੁਲਿਸ ਨੂੰ ਛੇਤੀ ਹੀ ਦਿਵਿਆ ਦੀ ਲਾਸ਼ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ ਬਲਰਾਜ ਗਿੱਲ ਦਿਵਿਆ ਦੇ ਕਤਲ ਦੇ ਮੁੱਖ ਮੁਲਜ਼ਮ ਅਭਿਜੀਤ ਦਾ ਨਜ਼ਦੀਕੀ ਸਹਿਯੋਗੀ ਹੈ, ਜਿਸ ਨੇ ਰਵੀ ਬੰਗਾ ਨਾਲ ਬੀਐਮਡਬਲਯੂ ਵਿੱਚ ਦਿਵਿਆ ਦੇ ਕਤਲ ਤੋਂ ਬਾਅਦ ਲਾਸ਼ ਨੂੰ ਡਿੱਗੀ ਵਿੱਚ ਰੱਖ ਕੇ ਟਿਕਾਣੇ ਲਗਾਇਆ ਸੀ ਅਤੇ 10 ਦਿਨਾਂ ਤੋਂ ਫਰਾਰ ਸੀ। ਹੁਣ ਤੱਕ ਇਹ ਵੀ ਸਾਹਮਣੇ ਆਇਆ ਹੈ ਕਿ ਲਾਸ਼ ਦੇ ਨਿਪਟਾਰੇ ਲਈ 10 ਲੱਖ ਰੁਪਏ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ 2 ਜਨਵਰੀ ਦੀ ਦੇਰ ਸ਼ਾਮ ਨੂੰ ਹੋਟਲ The City Point (hotel-the-city-point) ਦੇ ਕਮਰਾ ਨੰਬਰ 111 ਵਿੱਚ ਹੋਣਹਾਰ ਮਾਡਲ ਦਿਵਿਆ ਪਾਹੂਜਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਨਸਨੀਖੇਜ਼ ਕਤਲ ਕਾਂਡ 'ਚ ਕ੍ਰਾਈਮ ਬ੍ਰਾਂਚ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਕਾਤਲ ਅਭਿਜੀਤ, ਹੇਮਰਾਜ, ਓਮ ਪ੍ਰਕਾਸ਼, ਮੇਘਾ ਅਤੇ ਬਲਰਾਜ ਗਿੱਲ ਸ਼ਾਮਲ ਹਨ, ਜਦਕਿ ਬਲਰਾਜ ਗਿੱਲ ਨਾਲ ਫਰਾਰ ਹੋਏ ਰਵੀ ਬੰਗਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।