ਭਿਵਾਨੀ, 3 ਸਤੰਬਰ : ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਹਰਿਆਣਾ ਦੇ ਭਿਵਾਨੀ ਵਿਚ ਸਰਕਲ ਇੰਚਾਰਜਾਂ ਦੇ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਵਾਲੇ ਇਸ ਨੂੰ ਰੈਲੀ ਨਾ ਸਮਝਣ, ਇਹ ਤਾਂ ਵਲੰਟੀਅਰਸ ਦੀ ਮੀਟਿੰਗ ਹੈ। ਉੁਨ੍ਹਾਂ ਨੇ ਦਿੱਲੀ ਤੇ ਪੰਜਾਬ ਵਿਚ ਜੋ ਵਾਅਦੇ ਕੀਤੇ ਹਨ,ਉਨ੍ਹਾਂ ਨੂੰ ਪੂਰਾ ਕੀਤਾ ਹੈ। ਦੋਵੇਂ ਸੂਬਿਆਂ ਵਿਚ ਬਿਨਾਂ ਬਿੱਲ ਦੇ 24 ਘੰਟੇ ਬਿਜਲੀ ਆਉਂਦੀ ਹੈ। ਭਾਜਪਾ ਦੀ ਨੀਅਤ ਚੰਗੀ ਨਹੀਂ ਹੈ, ਇਹ ਲੋਕ ਦੇਸ਼ ਨੂੰ ਲੁੱਟ ਕੇ ਖਾ ਗਏ। ਇਨ੍ਹਾਂ ਦੀ ਫੈਕਟਰੀ ਹੁਣ 24 ਘੰਟੇ ਝੋਲੇ ਬਣਾਉਣ ਦਾ ਕੰਮ ਕਰਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰ ਸੰਸਥਾ ਵੇਚੀ ਜਾ ਰਹੀ ਹੈ। ਸਾਰੇ ਇਕ ਹੀ ਦੋਸਤ ਨੂੰ ਵੇਚ ਰਹੇ ਹਨ। ਇਹ ਹੰਕਾਰ ਵਿਚ ਹਨ, ਪਬਲਿਕ ਸਭ ਜਾਣਦੀ ਹੈ। ਜਨਤਾ ਨੇ ਵੱਡੇ-ਵੱਡਿਆਂ ਦਾ ਹੰਕਾਰ ਤੋੜਿਆ ਹੈ। ਦਿੱਲੀ ਦੇ ਸਕੂਲਾਂ ਵਿਚ ਚੰਗਾ ਕੰਮ ਹੋਇਆ ਤਾਂ ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿਚ ਪਾ ਦਿੱਤਾ। ਇਹ ਅਜਿਹੇ ਫੈਸਲੇ ਕਰਕੇ ਉਨ੍ਹਾਂ ਦੀ ਪਾਰਟੀ ਨੂੰ ਰੋਕਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਇਕ ਦਰਿਆ ਹੈ, ਦਰਿਆ ਆਪਣਾ ਰਸਤਾ ਖੁਦ ਬਣਾਉਂਦਾ ਹੈ। ਝਾੜੂ ਦਾ ਬਟਨ ਦਬਾਉਂਦੇ ਹੀ ਕਿਸਮਤ ਬਦਲ ਜਾਵੇਗੀ। ਚੋਣ ਕੁੰਭ ਦਾ ਮੇਲਾ ਨਹੀਂ, ਚੰਗਾ ਨਾ ਲੱਗੇ ਤਾਂ ਸਾਨੂੰ ਵੀ ਸੁੱਟ ਦੇਣਾ।