ਜੰਮੂ-ਕਸ਼ਮੀਰ 'ਚ ਫੌਜ ਵੱਲੋਂ ਵੱਡਾ ਐਨਕਾਊਂਟਰ, 2 ਅੱਤਵਾਦੀ ਮਾਰੇ ਗਏ, ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ 

ਜੰਮੂ ਕਸ਼ਮੀਰ, 23 ਜੂਨ 2024 : ਜੰਮੂ-ਕਸ਼ਮੀਰ 'ਚ ਅੱਜ LOC ਨੇੜੇ 2 ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ। ਲਾਸ਼ਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਫੌਜ ਦੇ ਜਵਾਨਾਂ ਨੇ ਸ਼ਨੀਵਾਰ ਨੂੰ ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ਦੇ ਗੋਹਲਾਨ ਇਲਾਕੇ 'ਚ ਸ਼ੱਕੀ ਗਤੀਵਿਧੀਆਂ ਦੇਖੀਆਂ ਸਨ। ਜਦੋਂ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਤਾਂ ਫੌਜ ਨੂੰ ਜਵਾਬੀ ਕਾਰਵਾਈ ਕਰਨੀ ਪਈ। ਫੌਜ ਨੇ ਵੱਡਾ ਐਨਕਾਊਂਟਰ ਕੀਤਾ, ਕੁਝ ਦੇਰ ਤੱਕ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ। ਇਸ ਆਪਰੇਸ਼ਨ 'ਚ 2 ਅੱਤਵਾਦੀ ਮਾਰੇ ਗਏ। ਜਾਣਕਾਰੀ ਅਨੁਸਾਰ, ਫੌਜ ਨੂੰ ਆਪਣੇ ਤੰਤਰ ਤੋਂ ਸੂਚਨਾ ਮਿਲੀ ਸੀ ਕਿ ਮਕਬੂਜ਼ਾ ਜੰਮੂ-ਕਸ਼ਮੀਰ ਤੋਂ ਅੱਤਵਾਦੀਆਂ ਦਾ ਇਕ ਸਮੂਹ ਉੜੀ ਸੈਕਟਰ ਰਾਹੀਂ ਕਸ਼ਮੀਰ ’ਚ ਘੁਸਪੈਠ ਕਰਨ ਦੀ ਤਿਆਰੀ ’ਚ ਹੈ। ਇਸ ਆਧਾਰ ’ਤੇ ਫੌਜ ਨੇ ਸਾਰੀਆਂ ਅਗਾਊਂ ਚੌਕੀਆਂ ਲਈ ਅਲਰਟ ਜਾਰੀ ਕਰਦੇ ਹੋਏ ਵਿਸ਼ੇਸ਼ ਨਾਕਾਬੰਦੀ ਕਰ ਦਿੱਤੀ ਸੀ। ਗੋਹਾਲਨ ਪਿੰਡ ਦੇ ਮੁਹਾਂਦਰੇ ’ਤੇ ਚੜ੍ਹਾਨ ਪੋਸਟ ਦੇ ਇਲਾਕੇ ’ਚ ਨਾਕਾ ਲਾਏ ਬੈਠੇ ਜਵਾਨਾਂ ਨੇ ਮਕਬੂਜ਼ਾ ਜੰਮੂ-ਕਸ਼ਮੀਰ ਵੱਲੋਂ ਮੈਨੂਅਲ ਹਥਿਆਰਾਂ ਨਾਲ ਲੈਸ ਚਾਰ ਅੱਤਵਾਦੀਆਂ ਨੂੰ ਭਾਰਤੀ ਇਲਾਕੇ ਵੱਲ ਆਉਂਦੇ ਦੇਖਿਆ। ਉਨ੍ਹਾਂ ਉਸੇ ਵੇਲੇ ਆਸਪਾਸ ਦੀਆਂ ਚੌਕੀਆਂ ਨੂੰ ਸੁਚੇਤ ਕਰਦੇ ਹੋਏ ਅੱਤਵਾਦੀਆਂ ਦੀ ਹਰ ਸਰਗਰਮੀ ’ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਉਹ ਐੱਲਓਸੀ ਪਾਰ ਕਰਨ ਲੱਗੇ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਦੇ ਹੋਏ ਸਰੈਂਡਰ ਕਰਨ ਲਈ ਕਿਹਾ। ਜਵਾਨਾਂ ਦੀ ਲਲਕਾਰ ਸੁਣਦੇ ਹੀ ਘੁਸਪੈਠੀਆਂ ਨੇ ਉਥੇ ਹੀ ਰੁੱਖਾਂ ਤੇ ਝਾੜੀਆਂ ਦਾ ਸਹਾਰਾ ਲੈਂਦੇ ਹੋਏ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ। ਇਸੇ ਗੋਲੀਬਾਰੀ ਦਾ ਸਹਾਰਾ ਲੈਂਦੇ ਹੋਏ ਘੁਸਪੈਠੀਆਂ ਨੇ ਵਾਪਸ ਮਕਬੂਜ਼ਾ ਜੰਮੂ-ਕਸ਼ਮੀਰ ਵੱਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਦੋ ਅੱਤਵਾਦੀ ਮਾਰੇ ਗਏ ਤੇ ਦੋ ਹੋਰ ਵਾਪਸ ਭੱਜ ਗਏ। ਸਬੰਧਤ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਇਕ ਅੱਤਵਾਦੀ ਦੀ ਲਾਸ਼ ਐੱਲਓਸੀ ’ਤੇ ਸਾਹਮਣੇ ਹੀ ਪਈ ਹੈ, ਜਦਕਿ ਇਕ ਹੋਰ ਅੱਤਵਾਦੀ ਦੀ ਲਾਸ਼ ਥੋੜ੍ਹੀ ਦੂਰ ਡਿੱਗੀ ਹੋਈ ਹੈ। ਮੁਕਾਬਲੇ ਵਾਲੀ ਥਾਂ ’ਤੇ ਖੂਨ ਦੇ ਨਿਸ਼ਾਨਾਂ ਦੇ ਆਧਾਰ ’ਤੇ ਮੁਕਾਬਲੇ ’ਚ ਜ਼ਖਮੀ ਅੱਤਵਾਦੀਆਂ ਦੇ ਮਕਬੂਜ਼ਾ ਜੰਮੂ-ਕਸ਼ਮੀਰ ਵੱਲ ਭੱਜਣ ਜਾਂ ਉਥੇ ਹੀ ਕਿਤੇ ਆਸਪਾਸ ਲੁਕੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਪਾਕਿਸਤਾਨੀ ਫੌਜ ਦੇ ਸਿੱਧੀ ਫਾਇਰਿੰਗ ਰੇਂਜ ’ਚ ਹੋਣ ਕਾਰਨ ਹਾਲੇ ਚੁੱਕੀਆਂ ਨਹੀਂ ਗਈਆਂ।