ਦਿੱਲੀ : ਐੱਨਸੀਆਰ-ਦਿੱਲੀ ‘ਚ ਪਟਾਕਿਆਂ ‘ਤੇ ਲੱਗੀ ਪਾਬੰਦੀ ਇਸ ਸਾਲ ਵੀ ਨਹੀਂ ਹਟੇਗੀ। ਸੁਪਰੀਮ ਕੋਰਟ ਨੇ ਪਟਾਕਿਆਂ ‘ਤੇ ਪਾਬੰਦੀ ਹਟਾਉਣ ਲਈ ਦਾਇਰ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕਿਹਾ ਹੈ ਕਿ ਦੀਵਾਲੀ ਦੌਰਾਨ ਵੀ ਪਟਾਕਿਆਂ ‘ਤੇ ਪਾਬੰਦੀ ਨਹੀਂ ਹਟਾਈ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਡਾ ਹੁਕਮ ਬਹੁਤ ਸਪੱਸ਼ਟ ਹੈ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਹੋਰ ਪਟੀਸ਼ਨਾਂ ਨਾਲ ਜੋੜ ਦਿੱਤਾ ਹੈ। ਦਰਅਸਲ ਇਸ ਮਾਮਲੇ ‘ਚ ਭਾਜਪਾ ਨੇਤਾ ਮਨੋਜ ਤਿਵਾਰੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਪਟਾਕਿਆਂ ‘ਤੇ ਪਾਬੰਦੀ ਨੂੰ ਸੱਭਿਆਚਾਰ ਦੇ ਖਿਲਾਫ ਦੱਸਿਆ ਸੀ। ਹਾਲਾਂਕਿ ਐੱਮ.ਆਰ.ਸ਼ਾਹ ਦੀ ਬੈਂਚ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਟਾਕਿਆਂ ‘ਤੇ ਲੱਗੀ ਪਾਬੰਦੀ ਨਹੀਂ ਹਟਾਉਣਗੇ। ਅਦਾਲਤ ਨੇ ਕਿਹਾ ਦਿੱਲੀ ਐਨਸੀਆਰ ਬਾਰੇ ਸਾਡਾ ਫੈਸਲਾ ਬਿਲਕੁਲ ਸਪੱਸ਼ਟ ਹੈ। ਪਰਾਲੀ ਕਾਰਨ ਪ੍ਰਦੂਸ਼ਣ ਪਹਿਲਾਂ ਹੀ ਵਧਣਾ ਸ਼ੁਰੂ ਹੋ ਗਿਆ ਹੈ। ਤੁਸੀਂ ਵੀ ਐਨਸੀਆਰ ਵਿੱਚ ਰਹਿੰਦੇ ਹੋ, ਫਿਰ ਤੁਸੀਂ ਪਹਿਲਾਂ ਹੀ ਵੱਧ ਰਹੇ ਪ੍ਰਦੂਸ਼ਣ ਨੂੰ ਕਿਉਂ ਵਧਾਉਣਾ ਚਾਹੁੰਦੇ ਹੋ। ਅਸੀਂ ਇਸ ਪਾਬੰਦੀ ਨੂੰ ਨਹੀਂ ਹਟਾ ਸਕਦੇ। ਦੱਸ ਦੇਈਏ ਕਿ ਦਿੱਲੀ ‘ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੇਖਦੇ ਹੋਏ ਪਿਛਲੇ ਕਈ ਸਾਲਾਂ ਤੋਂ ਦੀਵਾਲੀ ਦੇ ਦੌਰਾਨ ਪਟਾਕਿਆਂ ‘ਤੇ ਪਾਬੰਦੀ ਹੈ। ਹਰ ਸਾਲ ਦੀਵਾਲੀ ਮੌਕੇ ਪਟਾਕਿਆਂ ‘ਤੇ ਪਾਬੰਦੀ ਦੀ ਚਰਚਾ ਤੇਜ਼ ਹੋ ਜਾਂਦੀ ਹੈ ਅਤੇ ਲੋਕ ਦੋ ਹਿੱਸਿਆਂ ‘ਚ ਵੰਡੇ ਜਾਂਦੇ ਹਨ। ਪਹਿਲਾਂ ਉਹ ਜਿਹੜੇ ਪਾਬੰਦੀ ਦਾ ਵਿਰੋਧ ਕਰਦੇ ਹਨ ਅਤੇ ਦੂਜੇ ਉਹ ਜਿਹੜੇ ਪ੍ਰਦੂਸ਼ਣ ਦੀ ਸਮੱਸਿਆ ਦੇ ਮੱਦੇਨਜ਼ਰ ਇਸ ਨੂੰ ਜਾਇਜ਼ ਠਹਿਰਾਉਂਦੇ ਹਨ। ਹਾਲਾਂਕਿ ਅਦਾਲਤ ਅਜੇ ਵੀ ਆਪਣੇ ਫੈਸਲੇ ‘ਤੇ ਕਾਇਮ ਹੈ। ਦੂਜੇ ਪਾਸੇ ਦਿੱਲੀ ‘ਚ ਵਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਸਰਕਾਰ ਨੇ ਵੀ ਐਕਸ਼ਨ ਪਲਾਨ ਤਿਆਰ ਕਰ ਲਿਆ ਹੈ।