ਅਯੁੱਧਿਆ ਵਾਂਗ ਕਾਂਗਰਸ ਗੁਜਰਾਤ ’ਚ ਵੀ ਭਾਜਪਾ ਨੂੰ ਹਰਾਏਗੀ : ਰਾਹੁਲ ਗਾਂਧੀ

ਅਹਿਮਦਾਬਾਦ, 6 ਜੁਲਾਈ 2024 :ਅਹਿਮਦਾਬਾਦ ’ਚ ਪਾਰਟੀ ਵਰਕਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਉਸੇ ਤਰ੍ਹਾਂ ਹਰਾਏਗੀ, ਜਿਸ ਤਰ੍ਹਾਂ ਉਸਨੇ ਹਾਲ ਦੀਆਂ ਲੋਕ ਸਭਾ ਚੋਣਾਂ ‘ਚ ਅਯੁਧਿਆ ਵਿੱਚ ਹਰਾਇਆ ਹੈ। ਉਨ੍ਹਾਂ  ਕਿਹਾ ਕਿ ਭਾਜਪਾ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਨ੍ਹਾਂ ਦੇ ਦਫਤਰ ਨੂੰ ਨੁਕਸਾਨ ਪਹੁੰਚਾ ਕੇ ਚੁਣੌਤੀ ਦਿੱਤੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਮਿਲ ਕੇ ਉਨ੍ਹਾਂ ਦੀ ਸਰਕਾਰ ਨੂੰ ਉਸੇ ਤਰ੍ਹਾਂ ਤੋੜਾਂਗੇ, ਜਿਸ ਤਰ੍ਹਾਂ ਉਨ੍ਹਾਂ ਨੇ ਸਾਡੇ ਦਫਤਰਾਂ ਨੂੰ ਨੁਕਸਾਨਮ ਪਹੁੰਚਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲਿਖ ਵਲੋ ਕਿ ਗੁਜਰਾਤ ਵਿੱਚ ਕਾਂਗਰਸ ਚੋਣਾਂ ਲੜੇਗੀ ਅਤੇ ਨਰਿੰਦਰ ਮੋਦੀ ਤੇ ਭਾਜਪਾ ਨੂੰ ਹਰਾਵੇਗੀ. ਜਿਵੇਂ ਅਸੀਂ ਉਨ੍ਹਾਂ ਨੂੰ ਅਯੁੱਧਿਆਂ ਵਿੱਚ ਹਰਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਗੁਜਰਾਤ ਤੋਂ ਜਿੱਤ ਕੇ ਨਵੀਂ ਸ਼ੁਰੂਆਤ ਕਰੇਗੀ। ਉਨ੍ਹਾਂ ਕਿਹਾ, ‘‘ਅਯੁੱਧਿਆ ਦੇ ਲੋਕ ਉਦੋਂ ਗੁੱਸੇ ਹੋ ਗਏ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮ ਮੰਦਰ ਦੇ ਉਦਘਾਟਨ ਲਈ ਇਕ ਵੀ ਸਥਾਨਕ ਵਿਅਕਤੀ ਨੂੰ ਸੱਦਾ ਨਹੀਂ ਦਿਤਾ ਗਿਆ।’’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਸਰਵੇਖਣਕਾਰਾਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਹਾਰ ਜਾਣਗੇ ਅਤੇ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਹੋ ਜਾਵੇਗਾ। ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਪਾਲਦੀ ਇਲਾਕੇ ’ਚ ਰਾਜੀਵ ਗਾਂਧੀ ਭਵਨ ਦੇ ਬਾਹਰ ਕਾਂਗਰਸ ਅਤੇ ਭਾਜਪਾ ਮੈਂਬਰਾਂ ਵਿਚਾਲੇ ਝੜਪ ਹੋ ਗਈ ਸੀ, ਜਦੋਂ ਭਾਜਪਾ ਦੀ ਯੂਥ ਵਿੰਗ ਦੇ ਮੈਂਬਰ ਹਿੰਦੂਆਂ ਬਾਰੇ ਰਾਹੁਲ ਗਾਂਧੀ ਦੀ ਟਿਪਣੀ ਦਾ ਵਿਰੋਧ ਕਰਨ ਲਈ ਉੱਥੇ ਪਹੁੰਚੇ ਸਨ। ਰਾਹੁਲ ਗਾਂਧੀ ਨੇ ਇਸੇ ਘਟਨਾ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ। ਪੁਲਿਸ ਅਨੁਸਾਰ ਦੋਹਾਂ ਧਿਰਾਂ ਵਿਚਾਲੇ ਪੱਥਰਬਾਜ਼ੀ ਹੋਈ, ਜਿਸ ਵਿਚ ਇਕ ਸਹਾਇਕ ਪੁਲਿਸ ਕਮਿਸ਼ਨਰ ਸਮੇਤ ਪੰਜ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੇ ਭਾਸ਼ਣ ’ਚ ਉੱਤਰ ਪ੍ਰਦੇਸ਼ ਦੀ ਫੈਜ਼ਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਦੀ ਹਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਹਮਲਾ ਕੀਤਾ। ਅਯੁੱਧਿਆ ਸ਼ਹਿਰ ਵੀ ਇਸ ਲੋਕ ਸਭਾ ਹਲਕੇ ’ਚ ਸ਼ਾਮਲ ਹੈ।