ਭਾਰਤ ’ਚ ਸਾਲਾਨਾ ਰੱਖਿਆ ਉਤਪਾਦਨ ਨੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਤਹਿਤ ਨਵੇਂ ਰਿਕਾਰਡ ਕਾਇਮ ਕੀਤੇ ਹਨ : ਰਾਜਨਾਥ ਸਿੰਘ

ਨਵੀਂ ਦਿੱਲੀ, 5 ਜੁਲਾਈ 2024 : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ’ਚ ਸਾਲਾਨਾ ਰੱਖਿਆ ਉਤਪਾਦਨ ਨੇ ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੇ ਤਹਿਤ ਨਵੇਂ ਰਿਕਾਰਡ ਕਾਇਮ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ’ਚ ਸਾਲ 2023-24 ’ਚ 1.27 ਲੱਖ ਕਰੋੜ ਰੁਪਏ ਦਾ ਰੱਖਿਆ ਉਤਪਾਦਨ ਹੋਇਆ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਵਾਰ ਰੱਖਿਆ ਖੇਤਰ ਦੇ ਵਿਕਾਸ ’ਚ 16.8 ਫੀਸਦੀ ਦਾ ਵਾਧਾ ਹੋਇਆ ਹੈ। ਸਿੰਘ ਨੇ ਕਿਹਾ ਕਿ ਸਰਕਾਰ ਪੂਰੀ ਵਚਨਬੱਧਤਾ ਨਾਲ ਵਿਕਾਸਸ਼ੀਲ ਭਾਰਤ ਲਈ ਇਕ ਅਨੁਕੂਲ ਸ਼ਾਸਨ ਸਥਾਪਿਤ ਕਰ ਰਹੀ ਹੈ ਤਾਂਕਿ ਉਹ ਆਲਮੀ ਰੱਖਿਆ ਉਤਪਾਦਨ ਦਾ ਇਕ ਮੁੱਖ ਕੇਂਦਰ ਬਣੇ। ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਐਕਸ ’ਤੇ ਪੋਸਟ ’ਚ ਕਿਹਾ ਕਿ ਇਸ ਸਾਲ ਰੱਖਿਆ ਉਤਪਾਦਨ ਦੀ ਕੁੱਲ ਕੀਮਤ 126887 ਕਰੋੜ ਰੁਪਏ ਹੈ, ਜਦਕਿ ਪਿਛਲੇ ਵਿੱਤੀ ਸਾਲ 2022-23 ’ਚ 108684 ਰੁਪਏ ਦਾ ਰੱਖਿਆ ਉਤਪਾਦਨ ਹੋਇਆ ਸੀ। ਉਨ੍ਹਾਂ ਰੱਖਿਆ ਸਮੇਤ ਭਾਰਤੀ ਉਦਯੋਗ ਜਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਸਾਡੇ ਸੁਰੱਖਿਆ ਔਜ਼ਾਰ ਤੇ ਹਥਿਆਰ ਵਧਣਗੇ ਤੇ ਅਸੀਂ ਆਤਮਨਿਰਭਰ ਬਣਾਂਗੇ। ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਾਪਤ ਅੰਕੜਿਆਂ ਅਨੁਸਾਰ ਸਾਰੇ ਰੱਖਿਆ ਜਨਤਕ ਖੇਤਰ (ਡੀਪੀਐੱਸਯੂ) ਤੇ ਹੋਰਨਾਂ ਰੱਖਿਆ ਸਾਮਾਨ ਦੇ ਪੀਐੱਸਯੂ ਨਿਰਮਾਤਾ ਤੇ ਨਿੱਜੀ ਕੰਪਨੀਆਂ ਨੇ ਦੇਸ਼ ਦੇ ਰੱਖਿਆ ਉਤਪਾਦਨ ’ਚ ਰਿਕਾਰਡ 126887 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ। ਰੱਖਿਆ ਉਤਪਾਦਨ ਦੇ ਵਿਕਾਸ ਦੀ ਇਹ ਦਰ 16.8 ਫੀਸਦੀ ਹੈ। ਰੱਖਿਆ ਮੰਤਰਾਲੇ ਅਨੁਸਾਰ ਸਾਲ 2023-24 ’ਚ ਕੁੱਲ ਰੱਖਿਆ ਉਤਪਾਦਨ ’ਚ ਡੀਪੀਐੱਸਯੂਪੀਐੱਸਯੂ ਨੇ 79.2 ਫੀਸਦੀ ਤੇ ਨਿੱਜੀ ਖੇਤਰ ਨੇ 20.8 ਫੀਸਦੀ ਉਤਪਾਦਨ ਕੀਤਾ ਹੈ। ਜ਼ਿਕਰਯੋਗ ਹੈ ਕਿ ਰੱਖਿਆ ਬਰਾਮਦ ਨੇ ਵਿੱਤੀ ਸਾਲ 2023-24 ’ਚ ਰਿਕਾਰਡ 21083 ਕਰੋੜ ਰੁਪਏ ਦੀ ਬੁਲੰਦੀ ਹਾਸਲ ਕਰ ਲਈ। ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 32.5 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਪਿਛਲੇ ਪੰਜ ਸਾਲਾਂ (2019-20 ਤੋਂ) ਰੱਖਿਆ ਉਤਪਾਦਨ ਲਗਾਤਾਰ ਵਧਦਾ ਗਿਆ ਹੈ ਤੇ ਹੁਣ ਇਸ ਵਿਚ ਕੁੱਲ 60 ਫੀਸਦੀ ਤੋਂ ਵੱਧ ਦਾ ਇਜ਼ਾਫ਼ਾ ਹੋ ਚੁੱਕਾ ਹੈ।