ਨਵੀਂ ਦਿੱਲੀ, 14 ਜਨਵਰੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੰਗੀਠੀ ਨੂੰ ਅੱਗ ਲਗਾ ਕੇ ਸੌਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਦਿੱਲੀ ‘ਚ ਠੰਡ ਤੋਂ ਬਚਣ ਲਈ ਅੰਗੀਠੀ ਸਾੜ ਕੇ ਸੌਣ ਦੇ ਦੋ ਵੱਖ-ਵੱਖ ਮਾਮਲਿਆਂ ‘ਚ 6 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਘਟਨਾ ਬਾਹਰੀ ਉੱਤਰੀ ਦਿੱਲੀ ਦੇ ਖੇੜਾ ਵਿੱਚ ਵਾਪਰੀ, ਜਦਕਿ ਦੂਜੀ ਘਟਨਾ ਮੱਧ ਦਿੱਲੀ ਦੇ ਇੰਦਰਪੁਰੀ ਥਾਣਾ ਖੇਤਰ ਵਿੱਚ ਵਾਪਰੀ। ਉੱਤਰੀ ਦਿੱਲੀ ਦੇ ਖੇੜਾ ਇਲਾਕੇ ‘ਚ ਇਕ ਘਰ ‘ਚੋਂ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇੱਕੋ ਪਰਿਵਾਰ ਦੇ ਪਤੀ, ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਕਮਰੇ ‘ਚ ਅੰਗੀਠੀ ਜਲਾਈ ਹੋਈ ਸੀ। ਦਮ ਘੁਟਣ ਕਾਰਨ ਸਾਰਿਆਂ ਦੀ ਮੌਤ ਹੋ ਗਈ। ਦੋ ਬੱਚਿਆਂ ਵਿੱਚੋਂ ਇੱਕ ਦੀ ਉਮਰ 7 ਸਾਲ ਅਤੇ ਦੂਜੇ ਦੀ ਉਮਰ 8 ਸਾਲ ਸੀ। ਇੰਦਰਾਪੁਰੀ ‘ਚ ਠੰਡ ਤੋਂ ਬਚਾਅ ਲਈ ਅੰਗੀਠੀ ਕੋਲ ਸੁੱਤੇ ਪਏ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦਮ ਘੁੱਟਣ ਕਾਰਨ ਦੋਵਾਂ ਦੀ ਮੌਤ ਹੋ ਗਈ। ਇੱਕ ਦੀ ਉਮਰ 56 ਸਾਲ ਅਤੇ ਦੂਜੇ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਦਿੱਲੀ ਦੇ ਦਵਾਰਕਾ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਜੋੜੇ ਦੀ ਮੌਤ ਹੋ ਗਈ ਸੀ। ਹਾਲਾਂਕਿ ਉਨ੍ਹਾਂ ਦਾ ਦੋ ਮਹੀਨੇ ਦਾ ਬੱਚਾ ਵਾਲ-ਵਾਲ ਬਚ ਗਿਆ।