ਗੋਰਖਪੁਰ, 05 ਫਰਵਰੀ : ਯੂ.ਪੀ. ਦੇ ਗੋਰਖਪੁਰ ਵਿਚ ਇਕ ਨੌਜਵਾਨ ਨੇ ਪਤਨੀ ਸਣੇ ਦੋ ਬੱਚਿਆਂ ਦੇ ਕਤਲ ਦੇ ਬਾਅਦ ਖੁਦ ਵੀ ਆਤਮਹੱਤਿਆ ਕਰ ਲਈ। ਘਰ ਤੋਂ 4 ਲੋਕਾਂ ਦੀ ਲਾਸ਼ਾਂ ਮਿਲਣ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ । ਮਿਲੀ ਜਾਣਕਾਰੀ ਅਨੁਸਾਰ ਪਰਿਵਾਰਕ ਕਲੇਸ਼ ਨੂੰ ਲੈ ਕੇ ਨੌਜਵਾਨ ਵੱਲੋਂ ਪੂਰਾ ਪਰਿਵਾਰ ਖਤਮ ਕੀਤੇ ਜਾਣ ਦੀ ਸ਼ੰਕਾ ਦੱਸੀ ਜਾ ਰਹੀ ਹੈ, ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਗੋਲਾ ਖੇਤਰ ਦੇ ਦੇਵਕਲੀ ਪਿੰਡ ਦਾ ਹੈ ਜਿਥੇ ਸ਼ਨੀਵਾਰ ਦੀ ਦੇਰ ਰਾਤ ਸਬਜ਼ੀ ਵਿਕ੍ਰੇਤਾ, ਉਸ ਦੀ ਪਤਨੀ ਤੇ ਦੋ ਬੱਚਿਆਂ ਦੀ ਸੜਕ ਨਾਲ ਮੌਤ ਹੋ ਗਈ। ਐਤਵਾਰ ਸਵੇਰੇ ਕਮਰੇ ਵਿਚ ਧੂੰਆਂ ਉਠਦਾ ਦੇਖ ਆਸ-ਪਾਸ ਦੇ ਲੋਕ ਅੰਦਰ ਗਏ ਤਾਂ ਚਾਰਾਂ ਦੀਆਂ ਲਾਸ਼ਾਂ ਇਕ ਹੀ ਬੈੱਡ ‘ਤੇ ਸਨ। ਸੂਚਨਾ ‘ਤੇ ਪਹੁੰਚੀ ਪੁਲਿਸ ਜਾਂਚ ਵਿਚ ਜੁਟ ਗਈ। ਪੁਲਿਸ ਨੇ ਚਾਰੋਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਿੰਡ ਦੇ ਲੋਕ ਪਰਿਵਾਰਕ ਕਲੇਸ਼ ਦੀ ਗੱਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਦਾ ਇੰਦਰ ਬਹਾਦੁਰ ਮੌਰਿਆ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਉਸ ਦਾ ਪਤਨੀ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਸਵੇਰੇ ਉਨ੍ਹਾਂ ਦੇ ਘਰ ਤੋਂ ਧੂੰਆਂ ਨਿਕਲ ਰਿਹਾ ਸੀ। ਨਾਲ ਰਹਿੰਦੇ ਲੋਕਾਂ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਇੰਦਰ ਬਹਾਦੁਰ, ਪਤਨੀ ਸੁਸ਼ੀਲਾ ਦੇਵੀ, ਧੀ ਚਾਂਦਨੀ ਤੇ ਪੁੱਤਰ ਆਰੀਅਨ ਦੀ ਲਾਸ਼ ਇਕ ਹੀ ਬੈੱਡ ‘ਤੇ ਪਈ ਸੀ। ਮਹਿਲਾ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਕੱਟਣ ਦਾ ਨਿਸ਼ਾਨ ਮਿਲਿਆ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਪਤਨੀ ਤੇ ਬੱਚਿਆਂ ਦੀ ਹੱਤਿਆ ਕੀਤੇ ਜਾਣ ਦੇ ਬਾਅਦ ਪਤੀ ਨੇ ਹੀ ਘਰ ਵਿਚ ਅੱਗ ਲਗਾਈ ਸੀ।