ਸੂਰਤ ਵਿੱਚ 6 ਮੰਜ਼ਿਲਾ ਇਮਾਰਤ ਹਾਦਸੇ 'ਚ ਹੁਣ ਤੱਕ 7 ਲੋਕਾਂ ਦੀ ਮੌਤ

ਸੂਰਤ, 7 ਜੁਲਾਈ 2024 : ਗੁਜਰਾਤ ਦੇ ਸੂਰਤ ਵਿੱਚ ਸ਼ਨੀਵਾਰ ਨੂੰ ਇੱਕ ਛੇ ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ 'ਚ ਕਈ ਮੌਤਾਂ ਹੋਣ ਦੀ ਖਬਰ ਹੈ। ਇਸ ਦੌਰਾਨ SDRF ਅਤੇ NDRF ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ। ਹਾਦਸੇ ਤੋਂ ਬਾਅਦ ਹੁਣ ਤੱਕ ਸੱਤ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਛੇ ਤੋਂ ਸੱਤ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਇਸ ਹਾਦਸੇ 'ਚ 7 ਮੌਤਾਂ ਤੋਂ ਇਲਾਵਾ 15 ਤੋਂ ਵੱਧ ਲੋਕ ਜ਼ਖਮੀ ਹਨ। ਡੀਸੀਪੀ ਸੂਰਤ ਦੇ ਡੀਸੀਪੀ ਰਾਜੇਸ਼ ਪਰਮਾਰ ਨੇ ਕਿਹਾ ਇੱਕ ਔਰਤ ਨੂੰ ਬਚਾਇਆ ਗਿਆ ਹੈ ਅਤੇ ਹੁਣ ਤੱਕ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਮਲਬੇ ਨੂੰ ਹਟਾਉਣ ਦਾ ਕੰਮ ਜਾਰੀ ਰਹੇਗਾ।" ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਕਿਹਾ, "ਛੇ ਮੰਜ਼ਿਲਾ ਇਮਾਰਤ ਢਹਿ ਗਈ, ਮਲਬੇ ਹੇਠਾਂ ਕਈ ਲੋਕ ਫਸ ਗਏ। ਪੁਲਿਸ ਅਤੇ ਫਾਇਰ ਟੈਂਡਰ ਤੁਰੰਤ ਮੌਕੇ 'ਤੇ ਪਹੁੰਚ ਗਏ। ਮਲਬੇ ਹੇਠਾਂ ਫਸੀ ਇੱਕ ਔਰਤ ਨੂੰ ਬਚਾਇਆ ਗਿਆ। ਇਮਾਰਤ ਦੇ ਅੰਦਰ 30 ਫਲੈਟਾਂ ਵਿੱਚੋਂ 4 ਤੋਂ 5 ਫਲੈਟਾਂ ’ਚ ਲੋਕ ਰਹਿੰਦੇ ਸਨ ਤੇ ਬਾਕੀ ਖਾਲੀ ਸਨ। ਉਨ੍ਹਾਂ ਦੱਸਿਆ ਕਿ ਕਈ ਲੋਕ ਕੰਮ 'ਤੇ ਗਏ ਹੋਏ ਸਨ ਅਤੇ ਰਾਤ ਦੀ ਸ਼ਿਫਟ ਤੋਂ ਬਾਅਦ ਫਲੈਟ 'ਚ ਸੁੱਤੇ ਪਏ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ।