ਚੰਬਾ, 11 ਅਗਸਤ : ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 6 ਪੁਲਿਸ ਮੁਲਾਜ਼ਮਾਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਤੀਸਾ-ਬੈਰਗੜ੍ਹ ਰੋਡ ’ਤੇ ਤਰਵਾਈ ਪੁਲ ਨੇੜੇ ਗੱਡੀ ਸੜਕ ਤੋਂ ਬੇਕਾਬੂ ਹੋ ਕੇ ਬੈਰਾ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਸੱਤ ਜਣਿਆਂ ਦੀ ਜਾਨ ਚਲੀ ਗਈ, 4 ਜ਼ਖਮੀ ਹਨ। ਬੋਲੈਰੋ ਗੱਡੀ ਮੰਗਲੀ ਤੋਂ ਤੀਸਾ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਕੰਟਰੋਲ ਗੁਆ ਬੈਠਾ। ਮ੍ਰਿਤਕਾਂ ’ਚ ਇਕ ਸਬ ਇੰਸਪੈਕਟਰ, ਇਕ ਹੈੱਡ ਕਾਂਸਟੇਬਲ ਤੇ ਚਾਰ ਕਾਂਸਟੇਬਲ ਸ਼ਾਮਲ ਹਨ। ਇਕ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਤੇ ਇਕ ਸਥਾਨਕ ਵਾਸੀ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ’ਚੋਂ ਤਿੰਨ ਮੈਡੀਕਲ ਕਾਲਜ ਚੰਬਾ ’ਚ ਦਾਖ਼ਲ ਹਨ ਤੇ ਇਕ ਮੈਡੀਕਲ ਕਾਲਜ ਤੇ ਹਸਪਤਾਲ ਟਾਂਡਾ (ਕਾਂਗੜਾ) ’ਚ ਦਾਖ਼ਲ ਹੈ। ਚੰਬਾ ਦੇ ਡਿਪਟੀ ਕਮਿਸ਼ਨਰ ਅਪੂਰਵ ਦੇਵਗਨ ਦੇ ਹੁਕਮਾਂ ਤੋਂ ਬਾਅਦ ਜੀਪ ਹਾਦਸੇ ਦੀ ਜਾਂਚ ਲਈ ਪ੍ਰਸ਼ਾਸਨ ਨੇ ਐੱਸਡੀਐੱਮ ਤੀਸਾ ਦੀ ਅਗਵਾਈ ’ਚ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜੋ ਸੱਤ ਦਿਨਾਂ ’ਚ ਰਿਪੋਰਟ ਪੇਸ਼ ਕਰੇਗੀ। ਚੰਬਾ ਜ਼ਿਲ੍ਹੇ ਦੀ ਜੰਮੂ-ਕਸ਼ਮੀਰ ਨਾਲ ਲੱਗਦੀ ਸਰਹੱਦ ’ਤੇ ਬੈਰਾਗੜ੍ਹ ਤੇ ਮੰਗਲੀ ’ਚ ਚੈੱਕ ਪੋਸਟ ਹੈ। ਆਈਆਰਬੀ ਦੇ ਸਬ ਇੰਸਪੈਕਟਰ ਸਮੇਤ ਨੌਂ ਪੁਲਿਸ ਮੁਲਾਜ਼ਮ ਮੰਗਲੀ ’ਚ ਤਾਇਨਾਤ ਸਨ। ਜਵਾਨ ਲਾਂਗ ਰੇਂਜ ਪੈਟਰੋਲੰਗ ਤੋਂ ਬਾਅਦ ਟੈਕਸੀ ’ਚ ਭੰਜਰਾਡੂ ਹੈੱਡਕੁਆਰਟਰ ਜਾ ਰਹੇ ਸਨ। ਤਰਵਾਈ ਪੁਲ਼ ਨੇੜੇ ਅਚਾਨਕ ਪਹਾੜੀ ਤੋਂ ਤੇਜ਼ ਰਫ਼ਤਾਰ ਨਾਲ ਪੱਥਰ ਜੀਪ ’ਤੇ ਆ ਡਿੱਗੇ। ਇਸ ਨਾਲ ਜੀਪ ਬੇਕਾਬੁੂ ਹੋ ਕੇ ਡੂੰਘੇ ਨਾਲੇ ’ਚ ਜਾ ਡਿੱਗੀ। ਆਸਪਾਸ ਮੌਜੂਦ ਲੋਕ ਹਾਦਸੇ ਵਾਲੀ ਥਾਂ ਵੱਲ ਦੌੜੇ ਤੇ ਹਾਦਸੇ ਬਾਰੇ ਪੁਲਿਸ ਨੂੰ ਸੂਚਿਤ ਕਰ ਕੇ ਆਪਣੇ ਪੱਧਰ ’ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਕੁਝ ਹੀ ਦੇਰ ’ਚ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਬਚਾਅ ਕਾਰਜ ਤੇਜ਼ ਕੀਤਾ ਗਿਆ ਪਰ ਉਦੋਂ ਤੱਕ 6 ਪੁਲਿਸ ਮੁਲਾਜ਼ਮਾਂ ਸਮੇਤ ਜੀਪ ਚਾਲਕ ਨੇ ਦਮ ਤੋੜ ਦਿੱਤਾ ਸੀ। ਸਿਵਲ ਹਸਪਤਾਲ ਤੀਸਾ ਵਿਖੇ ਜ਼ੇਰੇ ਇਲਾਜ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕਾਂ ਦੀ ਪਛਾਣ ਸਬ-ਇੰਸਪੈਕਟਰ ਰਾਕੇਸ਼ ਗੋਰਾ ਪੁੱਤਰ ਜੈਚੰਦ ਵਾਸੀ ਨੂਰਪੁਰ, ਕਾਂਗੜਾ, ਹੈੱਡ ਕਾਂਸਟੇਬਲ ਪ੍ਰਵੀਨ ਟੰਡਨ ਪੁੱਤਰ ਤਿਲਕ ਰਾਜ ਵਾਸੀ ਬਾਥੜੀ ਡਲਹੌਜ਼ੀ ਚੰਬਾ, ਕਾਂਸਟੇਬਲ ਕਮਲਜੀਤ ਪੁੱਤਰ ਅਰਜਨ ਸਿੰਘ ਵਾਸੀ ਖੱਬਲ ਜਵਾਲੀ ਕਾਂਗੜਾ, ਕਾਂਸਟੇਬਲ ਸਚਿਨ ਪੁੱਤਰ ਮਹਿੰਦਰ ਸਿੰਘ ਰਾਣਾ ਵਾਸੀ ਸੂਰਜਪੁਰ ਦੇਹਰਾ ਕਾਂਗੜਾ, ਕਾਂਸਟੇਬਲ ਅਭਿਸ਼ੇਕ ਪੁੱਤਰ ਮਦਨ ਲਾਲ ਵਾਸੀ ਖੇੜੀਆਂ ਜਵਾਲੀ ਕਾਂਗੜਾ, ਕਾਂਸਟੇਬਲ ਲਕਸ਼ੈ ਕੁਮਾਰ ਪੁੱਤਰ ਪਵਨ ਮੋਂਗਰਾ ਵਾਸੀ ਇੱਛੀ ਕਾਂਗੜਾ, ਚੰਦੂ ਰਾਮ ਪੁੱਤਰ ਜੈ ਦਿਆਲ ਵਾਸੀ ਮੰਗਲੀ ਚੂਰਾਹ ਚੰਬਾ ਵਜੋਂ ਹੋਈ ਹੈ, ਇਸ ਘਟਨਾਂ ਕਾਰਨ ਸੋਗ ਦੀ ਲਹਿਰ ਹੈ।