ਅਮਰੋਹਾ, 10 ਜਨਵਰੀ : ਯੂਪੀ ਦੇ ਅਮਰੋਹਾ ਅਧੀਨ ਆਉਂਦੇ ਪਿੰਡ ਢਾਕਾ ਮੌੜ ‘ਚ ਅੰਗੀਠੀ ਬਾਲ ਕੇ ਸੁੱਤੇ ਇੱਕ ਪਰਿਵਾਰ ਦੇ 5 ਬੱਚਿਆਂ ਦੀ ਦਮਘੁੱਟਣ ਕਾਰਨ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਮੈਜਿਸਟ੍ਰੇਟ ਰਾਜੇਸ਼ ਤਿਆਗੀ ਨੇ ਦੱਸਿਆ ਕਿ ਠੰਡ ਤੋਂ ਰਾਹਤ ਲੈਣ ਲਈ ਪਰਿਵਾਰ ਅੰਗੀਠੀ ਬਾਲ ਨੇ ਸੁੱਤੇ ਪਏ ਸਨ, ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਦਮ ਘੁਟਣ ਗਿਆ ਅਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪ੍ਰਵਾਰ ਦੇ 7 ਲੋਕਾਂ 'ਚੋਂ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 2 ਲੋਕ ਹਸਪਤਾਲ 'ਚ ਜ਼ੇਰੇ ਇਲਾਜ ਹਨ। ਮਰਨ ਵਾਲੇ 5 ਬੱਚਿਆਂ ਵਿਚੋਂ 3 ਰਈਸੁਦੀਨ ਦੇ ਅਤੇ 2 ਰਿਸ਼ਤੇਦਾਰ ਸਨ। ਦੋ ਹੋਰ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਦੱਸ ਦੇਈਏ ਕਿ ਜਦੋਂ ਵੀ ਕਿਸੇ ਬੰਦ ਕਮਰੇ ਵਿਚ ਅੰਗੀਠੀ ਜਾਂ ਕੋਲਾ ਸਾੜਿਆ ਜਾਂਦਾ ਹੈ, ਤਾਂ ਇਹ ਕਮਰੇ ਵਿਚ ਮੌਜੂਦ ਸਾਰੀ ਆਕਸੀਜਨ ਦੀ ਵਰਤੋਂ ਕਰ ਲੈਂਦਾ ਹੈ। ਅੱਗ ਨੂੰ ਬਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਕਮਰੇ ਵਿਚ ਕਾਰਬਨ ਮੋਨੋਆਕਸਾਈਡ ਦੀ ਮਾਤਰਾ ਕਾਫ਼ੀ ਵੱਧ ਜਾਂਦੀ ਹੈ ਅਤੇ ਆਕਸੀਜਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਘਟਨਾ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ। ਆਕਸੀਜਨ ਦੀ ਕਮੀ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਅਤੇ ਕਈ ਵਾਰ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾਂ ਹਰਿਆਣਾ ਦੇ ਪਾਣੀਪਤ ਦੇ ਪਿੰਡ ਬਘੈਲ ਵਿੱਚ ਵਾਪਰੀ ਹੈ, ਜਿਸ ਵਿੱਚ ਇੱਕ ਨਵਵਿਹੁਅਤਾ ਜੋੜੇ ਦੀ ਦਮਘੁਟਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਤੀ ਪਤਨੀ ਜਿੰਨ੍ਹਾਂ ਦਾ ਕੁੱਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ, ਰਾਤ ਸਮੇਂ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤਾ ਸੀ ਤੇ ਸਵੇਰੇ ਬੈੱਡ ਤੇ ਮ੍ਰਿਤਕ ਮਿਲੇ ਹਨ। ਪਰਿਵਾਰਿਕ ਮੈਂਬਰਾਂ ਅਨੁਸਾਰ ਦੋਵਾਂ ਦੀ ਮੌਤ ਦਮਘੁੱਟਣ ਕਾਰਨ ਹੋਈ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਸਵੇਰੇ ਪਰਿਵਾਰ ਵਾਲੇ ਉਨ੍ਹਾਂ ਨੂੰ ਜਗਾਉਣ ਗਏ ਤਾਂ ਦਰਵਾਜ਼ਾ ਬੰਦ ਮਿਲਿਆ। ਖਿੜਕੀ ਤੋਂ ਦੇਖਿਆ ਤਾਂ ਦੋਵੇਂ ਬੈੱਡ ’ਤੇ ਪਏ ਸਨ। ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਕੱਢਿਆ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਗੁਰਮੀਤ ਦਾ ਤੰਨੂ ਨਾਲ 21 ਨਵੰਬਰ 2023 ਨੂੰ ਵਿਆਹ ਹੋਇਆ ਸੀ। ਉਸ ਦੇ ਪਿਤਾ ਦੀ ਕਰੀਬ 10 ਦਿਨ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ, ਜਿਸ ਦੀ ਸੋਮਵਾਰ ਨੂੰ ਕਿਰਿਆ ਸੀ। ਸਾਰੇ ਰਿਸ਼ਤੇਦਾਰ ਘਰ ਆਏ ਹੋਏ ਸਨ। ਕੁਝ ਦਿਨ ਪਹਿਲਾਂ ਹਿਸਾਰ ਦੇ ਸਾਤਰੋਡ ਪਿੰਡ ’ਚ ਰਾਤ ਸਮੇਂ ਅੰਗੀਠੀ ਬਾਲ ਕੇ ਸੁੱਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ।