- 25 ਡਰੇਨਾਂ ਦੀ ਸਫਾਈ ਦਾ ਕੰਮ ਹੋਇਆ ਮੁਕੰਮਲ
ਫਰੀਦਕੋਟ, 19 ਜੁਲਾਈ, 2024 : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਨਸੂਨ ਸੀਜਨ ਤੋਂ ਪਹਿਲਾਂ ਹੜ੍ਹਾਂ ਦੀ ਮਾਰ ਤੋਂ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹਾ ਫ਼ਰੀਦਕੋਟ ਵਿਖੇ ਬਾਰਿਸ਼ਾਂ ਦੇ ਪਾਣੀ ਤੋਂ ਇਸ ਇਲਾਕੇ ਨੂੰ ਬਚਾਉਣ ਲਈ ਕੁੱਲ 34 ਡਰੇਨਾਂ ਦੀ ਸਫਾਈ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਰੇਨਾਂ ਦੀ ਸਫ਼ਾਈ ਕਰਵਾਉਣ ਨਾਲ ਬਰਸਾਤੀ ਸੀਜਨ 'ਚ ਡਰੇਨਾਂ ਵਿੱਚ ਚੱਲਣ ਵਾਲੇ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਪੇਸ਼ ਨਹੀਂ ਆਵੇਗੀ ਅਤੇ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋਵੇਗੀ। ਉਨ੍ਹਾਂ ਨਹਿਰੀ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਡਰੇਨਾਂ ਦੀ ਸਫਾਈ ਦਾ ਕੰਮ ਜਲਦ ਮੁਕੰਮਲ ਕਰਵਾ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਕੁੱਲ 34 ਡਰੇਨਾਂ ਵਿੱਚੋਂ 25 ਦੀ ਮੁਕੰਮਲ ਤੌਰ ਤੇ ਸਫਾਈ ਕੀਤੀ ਜਾ ਚੁੱਕੀ ਹੈ ਅਤੇ ਰਹਿੰਦੀਆਂ 09 ਦਾ ਕੰਮ ਵੀ ਜੰਗੀ ਪੱਧਰ ਤੇ ਜਾਰੀ ਹੈ। ਐਸ.ਡੀ.ਓ ਸ. ਗੁਰਜੀਤ ਗਿੱਲ ਨੇ ਦੱਸਿਆ ਕਿ ਇਨ੍ਹਾਂ 34 ਡਰੇਨਾਂ ਦੀ ਸਫਾਈ ਨਾਲ ਭਾਰੀ ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋਣ ਦੀ ਸੰਭਾਵਨਾ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਡਰੇਨਾਂ ਦੀ ਕੁੱਲ ਲੰਬਾਈ ਤਕਰੀਬਨ 217 ਕਿਲੋਮੀਟਰ ਬਣਦੀ ਹੈ ਜਿਸ ਦੀ ਸਫਾਈ ਦਾ ਕੰਮ ਉੱਚ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਅਤੇ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਰੇਨਾਂ ਵਿਚੋਂ 18 ਡਰੇਨਾਂ ਟੈਂਡਰ ਰਾਹੀਂ, 2 ਡਿਪਾਰਟਮੈਂਟ ਮਸ਼ੀਨਰੀ ਰਾਹੀਂ ਅਤੇ 8 ਦੀ ਮਗਨਰੇਗਾ ਅਧੀਨ ਸਫਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਲੰਘਿਆਣਾ ਡਰੇਨ ਦੀ ਸਫਾਈ ਤੋਂ ਇਲਾਵਾ ਪਿੱਪਲੀ ਡਰੇਨ, ਰਾਜਸਥਾਨ ਡਰੇਨ ਅਤੇ ਬਾਬਾ ਫਰੀਦ ਡਰੇਨ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਬਾਕੀ ਰਹਿੰਦੀਆਂ ਉਪਰੰਤ 3 ਡਰੇਨਾਂ ਦੇ ਟੈਂਡਰ ਲੱਗਣ ਤੋਂ ਬਾਅਦ ਜਲਦ ਹੀ ਸਫਾਈ ਕਰਵਾ ਦਿੱਤੀ ਜਾਵੇਗੀ। ਜਿਲ੍ਹਾ ਫ਼ਰੀਦਕੋਟ ਵਿਖੇ ਲੋਕਾਂ ਨੂੰ ਬਾਰਿਸ਼ਾਂ ਦੌਰਾਨ ਖੜੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪੱਧਰ ਤੇ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ । ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਰੱਖਿਆ ਗਿਆ ਹੈ ਜਿਸ ਲਈ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਰੋਸਟਰ ਵਾਈਜ਼ ਟੈਲੀਫੋਨ ਸੁਣਨ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਟੈਲੀਫੋਨ ਨੰਬਰ (01639-250338) ਤੇ ਫੋਨ ਕਰਕੇ ਇਸ ਇਲਾਕੇ ਦਾ ਕੋਈ ਵੀ ਬਾਸ਼ਿੰਦਾ ਹੜ੍ਹਾਂ ਸਬੰਧੀ ਆਪਣੀ ਸਮੱਸਿਆ ਸਾਂਝੀ ਕਰ ਸਕਦਾ ਹੈ । ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਇਸ ਟੈਲੀਫੋਨ ਨੰਬਰ ਤੇ ਪ੍ਰਾਪਤ ਸ਼ਿਕਾਇਤਾਂ ਉੱਪਰ ਤੁਰੰਤ ਸਬੰਧਤ ਵਿਭਾਗ ਨਾਲ ਤਾਲਮੇਲ ਕਰਕੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।