ਲੁਧਿਆਣਾ, 4 ਅਪ੍ਰੈਲ : ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ IQAC ਸੈਲ ਵੱਲੋਂ ਕੁਆਲਟੀ ਆਫ਼ ਰੂਰਲ ਐਜੂਕੇਸ਼ਨ ਤੁਗਲਵਾਲਾ ਮਾਡਲ ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਬਾਬਾ ਆਇਆ ਸਿੰਘ, ਰਿਆੜਕੀ, ਕਾਲਜ ਤੁਗਲਵਾਲਾ(ਗੁਰਦਾਸਪੁਰ)ਦੇ ਬਾਨੀ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਗਗਨਦੀਪ ਸਿੰਘ ਵਿਰਕ ਪ੍ਰਿੰਸੀਪਲ ਰਿਆੜਕੀ ਪਬਲਿਕ ਸਕੂਲ, ਤੁਗਲਵਾਲਾ ਪੁੱਜੇ। ਇਸ ਹੀ ਸੰਸਥਾ ਦੀ ਪੁਰਾਣੀ ਵਿਦਿਆਰਥਣ ਪਰਮਜੀਤ ਕੌਰ, ਪ੍ਰਿੰਸੀਪਲ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਰਸਮੀ ਤੌਰ ‘ਤੇ ਸਭ ਨੂੰ ਜੀ ਆਇਆ ਕਿਹਾ ਉਨ੍ਹਾਂ ਨੇ ਦਸਿਆ ਕਿ ਗੁਰਦਾਸਪੁਰ ਦੇ ਪਿੰਡ ਤੁਗਲਵਾਲਾ ਵਿਚ ਇਹ ਕਾਲਜ ਵਿੱਦਿਆ ਦੇ ਖੇਤਰ ਵਿਚ ਚਾਨਣ ਮੁਨਾਰਾ ਹੈ। ਜਿਥੇ Each one teach one ਨੂੰ ਵਿੱਦਿਅਕ ਪ੍ਰਣਾਲੀ ਦਾ ਆਧਾਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਤੁਗਲਵਾਲ ਦੇ ਐਜੂਕੇਸ਼ਨ ਮਾਡਲ ਨੂੰ ਅਪਣਾਉਣ ਦੀ ਲੋੜ ਹੈ ਜੋ ਸਾਨੂੰ ਕਿਰਤ ਤੇ ਸੰਗਤ ਰਾਹੀਂ ਸਰਬਪੱਖੀ ਵਿਕਾਸ ਨਾਲ ਜੋੜਦਾ ਹੈ। ਇਸੇ ਸੰਸਥਾ ਦੀ ਪੁਰਾਣੀ ਵਿਦਿਆਰਥੀ ਡਾ. ਤੇਜਿੰਦਰ ਕੌਰ,ਸਹਾਇਕ ਪ੍ਰੋਫੈਸਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਨੇ ਇਸ ਸੰਸਥਾ ਦੀਆਂ ਹੁਣ ਤਕ ਦੀਆ ਮਾਣਮੱਤੀਆਂ ਪ੍ਰਾਪਤੀ ਤੇ ਇਸ ਕਾਲਜ ਨਾਲ ਜੁੜੀਆਂ ਆਪਣੀਆਂ ਕੁਝ ਯਾਦਾਂ ਸ੍ਰੋਤਿਆ ਨਾਲ ਸਾਂਝੀਆਂ ਕੀਤੀਆਂ। ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਇਸ ਸੰਸਥਾ ਦੀ ਸਥਾਪਤੀ ਤੋਂ ਲੈ ਕੇ ਹੁਣ ਤਕ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਕਾਲਜ ਵਿਦਿਆਰਥੀਆਂ ਦਾ, ਵਿਦਿਆਰਥੀਆਂ ਲਈ ਤੇ ਵਿਦਿਆਰਥੀਆਂ ਦੁਆਰਾ ਚਲਾਇਆ ਜਾਂਦਾ ਹੈ। ਵਿਦਿਆਰਥੀ ਕੇਂਦਰਿਤ ਇਸ ਕਾਲਜ ਵਿਚ ਸਫ਼ਾਈ ਸੇਵਕ ਤੋਂ ਲੈ ਕੇ ਪ੍ਰਬੰਧਕ ਤੱਕ ਦਾ ਸਾਰਾ ਕਾਰਜ ਵਿਦਿਆਰਥੀਆਂ ਵੱਲੋਂ ਹੀ ਕੀਤਾ ਜਾਂਦਾ ਹੈ। ਵਿਦਿਆਰਥੀ ਆਪੇ ਹੀ ਫ਼ਸਲਾਂ ਬੀਜਦੇ, ਕੱਟਦੇ ,ਗਾਹੁੰਦੇ, ਅਨਾਜ ਪੀਸਦੇ ਤੇ ਪਕਾਉਂਦੇ ਖਾਂਦੇ ਹਨ। ਬਾਜ਼ਾਰੀ ਵਸਤਾਂ ਤੇ ਟੇਕ ਨਿਗੂਣੀ ਹੈ। ਪ੍ਰਿੰਸੀਪਲ ਗਗਨਦੀਪ ਸਿੰਘ ਨੇ ਕਿਹਾ ਕਿ ਅੱਜ ਜਦੋਂ ਵਿੱਦਿਆ ਮਹਿੰਗੀ ਤੇ ਵਪਾਰ ਬਣਦੀ ਜਾ ਰਹੀ ਹੈ ਤੇ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੈ ਤਾਂ ਉਥੇ ਹੀ ਇਸ ਸੰਸਥਾ ਵਿਚ ਗਰੀਬ, ਬੇਸਹਾਰਾ, ਅਨਾਥ ਬੱਚਿਆ ਨੂੰ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ। ਪ੍ਰਿੰਸੀਪਲ ਪਰਮਜੀਤ ਕੌਰ ਨੇ ਕਾਲਜ ਵਿਚਲੇ ਕਿਰਤ ਸੱਭਿਆਚਾਰ ‘ਤੇ ਚਾਨਣਾ ਪਾਇਆ ਤੇ ਦੱਸਿਆ ਕਿ ਕਾਲਜ ਤੇ ਹੋਸਟਲ ਦੇ ਸਾਰੇ ਕੰਮ ਵਿਦਿਆਰਥਣਾਂ ਵੱਲੋਂ ਆਪ ਕੀਤੇ ਜਾਂਦੇ ਹਨ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬੀ ਲੋਕ ਤੇ ਸਰਕਾਰ ਬੰਗਾਲ ਵਾਲੇ ਸ਼ਾਂਤੀ ਨਿਕੇਤਨ ਦੇ ਤਾਂ ਸੋਹਿਲੇ ਗਾਉਂਦੇ ਹਨ ਪਰ ਆਪਣੇ ਗੁਰਦਾਸਪੁਰ ਦੇ ਰਿਆੜਕੀ ਖੇਤਰ ਵਿਚ ਵਿੱਦਿਆ ਦੇ ਚਾਨਣ ਮੁਨਾਰੇ ਤੁਗਲਵਾਲਾ ਸਿੱਖਿਆ ਮਾਡਲ ਨੂੰ ਕਿਉਂ ਨਹੀਂ ਅਪਣਾਉਂਦੇ। ਵਿਸ਼ੇ ਤੇ ਇਸ ਕਾਲਜ ਦੀ ਵੱਡਮੁੱਲੀ ਦੇਣ ਹੈ। ਬਹੁਤ ਹੀ ਸੀਮਤ ਵਿੱਤੀ ਸਾਧਨਾ ਨਾਲ ਚਲਦੀ ਇਸ ਸੰਸਥਾ ਵਿਚ ਵਿਦਿਆਰਥੀਆਂ ਨੂੰ ਮਿਆਰੀ ਤੇ ਨਿਆਰੀ ਸਿੱਖਿਆ ਦਿੱਤੀ ਜਾਂਦੀ ਹੈ। ਪ੍ਰੋਗਰਾਮ ਦੇ ਅਖੀਰ ‘ਤੇ ਕਾਲਜ ਦੇ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਭੱਲਾ ਨੇ ਸਭ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ ਤੇ ਇਸ ਮਾਡਲ ਨੂੰ ਹਰ ਸੰਸਥਾ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਪ੍ਰੋਗਰਾਮ ਦਾ ਸੰਚਾਲਨ ਤੇ ਪ੍ਰਬੰਧ , IQAC ਦੀ ਇੰਚਾਰਜ਼ ਡਾ.ਹਰਿਗੁਣਜੋਤ ਕੌਰ ਤੇ ਡਾਃ ਮਨਦੀਪ ਕੌਰ ਰੰਧਾਵਾ ਵਲੋਂ ਕੀਤਾ ਗਿਆ।