ਨਸ਼ਿਆ ਦੇ ਮੱਕੜ - ਜਾਲ ਨੂੰ ਤੋੜਨ ਲਈ ਉਠ ਰਹੀ ਕਿਸਾਨ ਜੱਥੇਬੰਦੀਆਂ ਦੀ ਲੋਕ ਲਹਿਰ ਦਾ ਸੁਆਗਤ  : ਕੌਮਾਗਾਟਾਮਾਰੂ ਕਮੇਟੀ 

ਮੁੱਲਾਂਪੁਰ ਦਾਖਾ 4 ਸਤੰਬਰ (ਸਤਵਿੰਦਰ ਸਿੰਘ ਗਿੱਲ) : ਦੇਸ਼ ਭਗਤ ਵਿਰਾਸਤ ਦੇ ਆਧਾਰ ਤੇ ਉਸਰੀ - ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਦੀ ਇਕ ਅਹਿਮ ਮੀਟਿੰਗ ਅੱਜ ਏਥੇ ਐਡਵੋਕੇਟ ਕੁਲਦੀਪ ਸਿੰਘ ਕਿਲ੍ਹਾ ਰਾਇਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਚਿੱਟੇ ਸਮੇਤ ਸਿੰਥੈਟਿਕ ਨਸ਼ਿਆ ਦੇ ਨੌਜਵਾਨ ਮਾਰੂ ਛੇਵੇਂ ਦਰਿਆ ਬਾਰੇ ਗੰਭੀਰ ਤੇ ਡੂੰਘੀ ਵਿਚਾਰ ਚਰਚਾ ਕੀਤੀ ਗਈ। ਅੱਜ ਦੀ ਮੀਟਿੰਗ ' ਚ ਸਾਰਥਕ ਵਿਚਾਰ ਪੇਸ਼ ਕਰਦਿਆਂ ਵੱਖ - ਵੱਖ ਆਗੂਆਂ - ਜਸਦੇਵ ਸਿੰਘ ਲਲਤੋਂ,ਉਜਾਗਰ ਸਿੰਘ ਬੱਦੋਵਾਲ,ਸੁਖਦੇਵ ਸਿੰਘ ਰਾਇਪੁਰ,ਮਲਕੀਤ ਸਿੰਘ, ਪ੍ਰੇਮ ਸਿੰਘ,ਜੋਗਿੰਦਰ ਸਿੰਘ ਸਹਿਜ਼ਾਦ, ਸਿੰਦਰ ਸਵੱਦੀ,ਚਰਨਜੀਤ ਹਿੰਮਾਯੂਪੁਰਾ,ਅਮਰਜੀਤ ਸਿੰਘ,ਗੁਰਦੇਵ ਸਿੰਘ ਮੁੱਲਾਂਪੁਰ ਨੇ ਵਿਚਾਰ ਪੇਸ਼ ਕੀਤੇ ਕਿ ਜ਼ਿਲਾ ਲੁਧਿਆਣਾ ਸਮੇਤ ਪੰਜਾਬ ਦੇ ਵੱਖ - ਵੱਖ ਜਿਲਿਆਂ ਵਿਚ ਕਿਸਾਨ - ਜੱਥੇਬੰਦੀਆਂ ਦੀ ਪਹਿਲ - ਕਦਮੀ ਨਾਲ , ਆਏ ਦਿਨ ਨਸ਼ਾ - ਤਸਕਰ, ਪੁਲਿਸ ਤੇ ਸਿਆਸੀ ਗੱਠਜੋੜ ਵਿਰੁੱਧ ਉਠ ਰਹੀ ਲੋਕ ਲਹਿਰ ਦਾ ਭਰਪੂਰ ਸੁਆਗਤ ਕੀਤਾ ਅਤੇ  ਐਲਾਨ ਕੀਤਾ ਕਿ ਪੰਜਾਬ ਦੀ ਜੁਆਨੀ ਅਤੇ ਇਸਦੇ ਭਵਿੱਖ ਨੂੰ ਬਚਾਉਣ ਲਈ ਕੌਮਾਗਾਟਾਮਾਰੂ ਯਾਦਗਾਰ  ਕਮੇਟੀ ਦੇ ਸਮੂਹ ਮੈਂਬਰ ਤੇ ਹਮਦਰਦ,ਇਸ ਲੋਕ ਲਹਿਰ ਦੀ ਜਚਵੀਂ ਤੇ ਡਟਵੀਂ ਭਰਾਤਰੀ ਮਦਦ ਕਰਨਗੇ। ਦੂਜੇ ਮਤੇ ਰਾਹੀਂ ਕਮੇਟੀ ਨੇ ਹੜ੍ਹ - ਪੀੜਤਾਂ ਨੂੰ ਸਿਰੇ ਦੀ ਮੰਦਹਾਲੀ ' ਚੋ ਕੱਢਣ ਲਈ 186 ਕਰੋੜ ਰੁ. ਦੀ ਰਕਮ ਨੂੰ ਨਾਂ - ਮਾਤਰ ਕਰਾਰ ਦਿੰਦਿਆ, ਗੁਆਚੀਆਂ ਮਨੁੱਖੀ ਜਾਨਾਂ ਮਰੇ ਪਸ਼ੂਆਂ , ਢਹੇ ਘਰਾਂ ਤੇ ਤਬਾਹ ਹੋਈਆਂ ਸਾਉਣੀ ਦੀਆਂ ਫ਼ਸਲਾਂ ਦਾ ਪੂਰਾ ਮੁਆਵਜ਼ਾ , ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੰਗ ਪੱਤਰ ਅਨੁਸਾਰ ਪੰਜਾਬ ਤੇ ਕੇਂਦਰ ਸਰਕਾਰਾਂ ਹਰ ਹਾਲਤ ਫੌਰੀ ਯਕੀਨੀ ਬਣਾਉਣ ਨਹੀਂ ਤਾਂ ਛੇਤੀ ਹੀ ਵੱਡੇ ਕਿਸਾਨ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ।