ਮਹਿਲ ਕਲਾਂ, 29 ਦਸੰਬਰ (ਗੁਰਸੇਵਕ ਸਿੰਘ ਸਹੋਤਾ) : ਗਰੀਬਾਂ, ਦੱਬੇ-ਕੁਚਲਿਆ, ਨਿਮਾਣੇ-ਨਿਤਾਣੇ ਲੋਕਾਂ ਦੇ ਹੱਕ ਵਿਚ ਡਟ ਕੇ ਖੜਨ ਵਾਲੇ, ਜਬਰ ਜ਼ੁਲਮ ਅਤੇ ਜਾਤ ਪਾਤੀ ਸਿਸਟਮ ਖ਼ਿਲਾਫ਼ ਆਵਾਜ਼ ਨੂੰ ਬੁਲੰਦ ਕਰਨ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਲਈ ਕੁਰਬਾਨ ਕੀਤਾ। ਵੱਡੇ ਅਤੇ ਛੋਟੇ ਸਾਹਿਬਜਾਦਿਆਂ ਦੀਆਂ ਦਲੇਰਾਨਾ ਸ਼ਹੀਦੀਆਂ ਦੇ ਨਾਲ-ਨਾਲ ਮਾਤਾ ਗੁਜ਼ਰ ਕੌਰ ਦੀ ਸ਼ਹੀਦੀ ਵੀ ਲਾਸਾਨੀ ਵਰਤਾਰਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਇੰਜ: ਭਾਨ ਸਿੰਘ ਜੱਸੀ ( ਜੇ.ਈ ਪਾਵਰਕੌਮ ) ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਹਿੰਦ (ਫਤਿਹਗੜ੍ਹ ਸਾਹਿਬ) ਦੀ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਅਤੇ ਬਾਬਾ ਫਤਹਿ ਸਿੰਘ ਨਾਲ ਸ਼ਹੀਦੀ ਪ੍ਰਾਪਤ ਕਰਨ ਵਾਲੀ ਮਾਤਾ ਗੁਜਰ ਕੌਰ ਨੂੰ ਵੀ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਰਨਾਲਾ ਦੀ ਦਾਣਾ ਮੰਡੀ ਦੀਆਂ ਝੁੱਗੀਆਂ ਵਿੱਚ ਰਹਿੰਦੀਆਂ ਗਰੀਬ ਧੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਛੇਤੀ ਹੀ ਸਹੀਦ ਮਾਤਾ ਗੁਜਰ ਕੌਰ ਦੀ ਯਾਦ ਵਿਚ ਮੁਫ਼ਤ ਸਿਲਾਈ ਸੈਂਟਰ ਖੋਲ੍ਹਿਆ ਜਾਵੇਗਾ ਅਤੇ ਇਸ ਮਹਾਨ ਕਾਰਜ ਦੀ ਅਰੰਭਤਾ ਦਾ ਉਦਘਾਟਨ ਕਰਵਾ ਕੇ ਸੇਵਾ ਦਾ ਕਾਰਜ ਜਲਦ ਹੀ ਸ਼ੁਰੂ ਕੀਤਾ ਜਾਵੇਗਾ।