- ਪ੍ਰੋਗਰਾਮ ਵਿੱਚ ਲਾਈਵ ਸੈਸ਼ਨਜ਼, ਵੈਬੀਨਾਰ, ਫੀਲਡ ਵਿਜ਼ਿਟ ਅਤੇ ਨਵੀਨਤਾਕਾਰੀ ਪ੍ਰੋਜੈਕਟ ਸ਼ਾਮਲ
- ਪ੍ਰੋਗਰਾਮ ਲਈ 21 ਸਕੂਲਾਂ ਦੇ 1150 ਵਿਦਿਆਰਥੀ ਕਰਵਾ ਚੁੱਕੇ ਹਨ ਰਜਿਸਟ੍ਰੇਸ਼ਨ
ਐੱਸ.ਏ.ਐੱਸ. ਨਗਰ, 09 ਅਕਤੂਬਰ : ਪਿੰਡ ਬੂਥਗੜ੍ਹ ਦੇ ਸਰਕਾਰੀ ਸਕੂਲ ਦੇ 53 ਤੋਂ ਵੱਧ ਵਿਦਿਆਰਥੀਆਂ ਨੇ ਨਗਰ ਨਿਗਮ, ਮੁਹਾਲੀ ਦੇ ਕੂੜਾ ਪ੍ਰਬੰਧਨ ਦੇ ਯਤਨਾਂ ਬਾਰੇ ਜਾਣਨ ਲਈ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਬਾਗਬਾਨੀ ਰਹਿੰਦ-ਖੂੰਹਦ ਦੀ ਖਾਦ ਬਣਾਉਣ ਲਈ ਨੇਚਰ ਪਾਰਕ, ਰਸੋਈ ਦੇ ਰਹਿੰਦ-ਖੂੰਹਦ ਲਈ ਕੰਪੋਸਟ ਪਿਟਸ, ਵੇਸਟ ਸ਼ੈਡਿੰਗ, ਬੇਲਿੰਗ ਮਸ਼ੀਨਾਂ, ਵਰਮੀ ਕੰਪੋਸਟਿੰਗ ਸਬੰਧੀ ਥਾਵਾਂ ਅਤੇ ਕੈਟਲ ਪੌਂਡ ਦਾ ਦੌਰਾ ਕੀਤਾ। ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵਰਤੇ ਜਾਂਦੇ ਵੱਖੋ ਵੱਖ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਸ਼੍ਰੀਮਤੀ ਨਵਜੋਤ ਕੌਰ, ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ, ਨੇ ਇਸ ਬਾਰੇ ਕਿਹਾ ਕਿ ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ 'ਸਵੱਛਤਾ ਹੀ ਸੇਵਾ' ਮੁਹਿੰਮ ਨਾਲ ਮੇਲ ਖਾਂਦਾ ਹੈ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਸਵੱਛ ਭਾਰਤ ਮਿਸ਼ਨ ਵਿੱਚ ਤਬਦੀਲੀ ਕਰਨ ਵਾਲੇ ਬਣਨ ਲਈ ਜਾਗਰੂਕ ਕਰਨਾ ਹੈ। ਪ੍ਰੋਗਰਾਮ ਵਿੱਚ ਲਾਈਵ ਸੈਸ਼ਨਜ਼, ਵੈਬੀਨਾਰ, ਫੀਲਡ ਵਿਜ਼ਿਟ ਅਤੇ ਵੱਖ ਵੱਖ ਨਵੀਨਤਾਕਾਰੀ ਪ੍ਰੋਜੈਕਟ ਸ਼ਾਮਲ ਹੁੰਦੇ ਹਨ, ਜੋ ਵਿਦਿਆਰਥੀਆਂ ਨੂੰ ਰਹਿੰਦ-ਖੂੰਹਦ ਪ੍ਰਬੰਧਨ ਅਤੇ ਜ਼ਿੰਮੇਵਾਰ ਨਾਗਰਿਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਸਬੰਧ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ। ਸਸਟੇਨੇਬਿਲਟੀ ਲੀਡਰਜ਼ ਪ੍ਰੋਗਰਾਮ ਇੱਕ ਢਾਂਚਾਗਤ ਇੰਟਰਨਸ਼ਿਪ ਪ੍ਰੋਗਰਾਮ ਹੈ, ਜਿਸਨੂੰ ਦਿੱਲੀ ਪਬਲਿਕ ਸਕੂਲ, ਚੰਡੀਗੜ੍ਹ ਦੀ ਗਿਆਰਵੀਂ ਜਮਾਤ ਦੀ ਵਿਦਿਆਰਥਣ ਸੁਹਾਨੀ ਸ਼ਰਮਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ, ਜੋ ਪਿਛਲੇ ਮਹੀਨੇ ਐੱਸ.ਏ.ਐੱਸ.ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੁਆਰਾ ਲਾਂਚ ਕੀਤਾ ਗਿਆ ਸੀ। ਗ੍ਰੇਡ 8ਵੀਂ-12ਵੀਂ ਦੇ ਵਿਦਿਆਰਥੀਆਂ ਸਬੰਧੀ ਇਸ ਪ੍ਰੋਗਰਾਮ ਲਈ 21 ਸਕੂਲਾਂ ਦੇ 1150 ਵਿਦਿਆਰਥੀ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਸਿੱਖਿਆ ਵਿਭਾਗ ਦੀ ਕੋਆਰਡੀਨੇਟਰ ਸ੍ਰੀਮਤੀ ਪ੍ਰੀਤੀ ਬਾਂਸਲ ਨੇ ਦੱਸਿਆ ਕਿ ਇਸ ਹਫਤੇ ਹੁਸ਼ਿਆਰਪੁਰ, ਸੰਗਤੀਆਂ, ਰਾਣੀਮਾਜਰਾ ਅਤੇ ਖਿਜ਼ਰਾਬਾਦ ਸਕੂਲਾਂ ਦੇ ਵਿਦਿਆਰਥੀ ਫੀਲਡ ਵਿਜ਼ਿਟ ਲਈ ਜਾਣਗੇ। ਸਰਕਾਰੀ ਹਾਈ ਸਕੂਲ, ਕੁੰਭੜਾ, ਸਰਕਾਰੀ ਹਾਈ ਸਕੂਲ ਮਟੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 11, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੀੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਬਡਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੌਲੀ ਬੈਦਵਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਲਾਂਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਫੀਲਡ ਵਿਜ਼ਿਟ ਕਰ ਲਈ ਹੈ। ਸ਼੍ਰੀਮਤੀ ਗਿੰਨੀ ਦੁੱਗਲ, ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੇ 1000 ਤੋਂ ਵੱਧ ਵਿਦਿਆਰਥੀਆਂ ਨੂੰ ਫੀਲਡ ਵਿਜ਼ਿਟ ਕਰਨ ਦਾ ਟੀਚਾ ਰੱਖਿਆ ਹੈ ਅਤੇ ਹਰ ਰੋਜ਼ 50-100 ਵਿਦਿਆਰਥੀਆਂ ਨੂੰ ਲੈ ਕੇ ਜਾਣਾ ਹੈ। ਬਾਅਦ ਵਿੱਚ, ਵਿਦਿਆਰਥੀਆਂ ਲਈ ਉਹਨਾਂ ਦੇ ਖੇਤਰ ਦੇ ਤਜ਼ਰਬਿਆਂ ਦੇ ਅਧਾਰ 'ਤੇ ਗਤੀਵਿਧੀਆਂ ਨਿਰਧਾਰਤ ਕੀਤੀਆਂ ਜਾਣਗੀਆਂ। ਇਸ ਫੀਲਡ ਵਿਜਿਟ 'ਤੇ ਸ਼੍ਰੀਮਤੀ ਵੰਦਨਾ ਸੁਖੀਜਾ ਕਮਿਊਨਿਟੀ ਫੈਸੀਲੀਟੇਟਰ, ਡਾ. ਵਰਿੰਦਰ ਕੌਰ ਐੱਸ.ਡਬਲਿਊ. ਐਮ. ਮਾਹਿਰ ਅਤੇ ਸ਼੍ਰੀਮਤੀ ਆਰਜ਼ੂ ਤੰਵਰ ਆਈ. ਈ.ਸੀ. ਮਾਹਿਰ ਮੌਜੂਦ ਸਨ।