- ਲਗਾਤਾਰ 03 ਸਾਲਾਂ ਤੋਂ ਪੜ੍ਹਾਈ ਵਿੱਚ ਅੱਵਲ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਮਾਲੀ ਸਹਾਇਤਾ
- ਸਕੂਲ ਵਿੱਚ ਮੁੱਢਲੀਆਂ ਸਹੂਲਤਾਵਾਂ ਮੁਹੱਈਆ ਕਰਵਾਉਣ ਵਿੱਚ ਵੀ ਕਰ ਰਹੇ ਸਹਾਇਤਾ
ਟਹਿਣਾ, 12 ਅਕਤੂਬਰ : ਇੰਗਲੈਂਡ, ਆਸਟਰੇਲੀਆ, ਨਿਊਜੀਲੈਂਡ ਅਤੇ ਕੈਨੇਡਾ ਵੱਸਦੇ ਇਸ ਪਿੰਡ ਦੇ ਕੁਝ ਵਾਸੀਆਂ ਨੇ ਇਕੱਠੇ ਹੋ ਕੇ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਸ਼ਹੀਦ ਪਰਮਿੰਦਰ ਸਿੰਘ ਸਰਕਾਰੀ ਹਾਈ ਸਕੂਲ ਟਹਿਣਾ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ’ਮਾਤਾ ਸੁਰਿੰਦਰ ਕੌਰ ਗਿੱਲ ਯਾਦਗਾਰੀ ਪੁਰਸਕਾਰ’ ਤਹਿਤ ਮਾਲੀ ਸਹਾਇਤਾ ਦੇਣ ਦਾ ਉਪਰਾਲਾ ਕੀਤਾ ਹੈ। ਉਮੀਦ ਸੇਵਾ ਸੁਸਾਇਟੀ ਦੇ ਬੈਨਰ ਹੇਠ ਕੰਮ ਕਰ ਰਹੇ ਐਨ.ਆਰ.ਆਈਜ਼ ਹਰ ਸਾਲ 10ਵੀਂ ਜਮਾਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਮਾਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਹੋਰ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦੇ ਹਨ।ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਐਡਵੋਕੇਟ ਸਰਬਜੀਤ ਸਿੰਘ ਬਰਾੜ, ਸਟੇਜ ਸਕੱਤਰ ਗੁਰਜੀਤ ਸਿੰਘ ਟਹਿਣਾ ਅਤੇ ਨਿਊਜ਼ੀਲੈਂਡ ਵਾਸੀ ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਅਤੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੀ ਸੰਸਥਾ ਸਨਮਾਨਿਤ ਕਰਦੀ ਹੈ।ਉਨ੍ਹਾਂ ਦੱਸਿਆ ਕਿ ਇਸੇ ਉਪਰਾਲੇ ਦੀ ਲੜੀ ਤਹਿਤ ਅੱਜ 10ਵੀਂ ਜਮਾਤ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਕ੍ਰਮਵਾਰ 02 ਹਜਾਰ, 1500 ਅਤੇ 01 ਹਜ਼ਾਰ ਰੁਪਏ ਦੇ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਨੂੰ ਕੁਮਾਰ ਪੁੱਤਰ ਸੁਸ਼ੀਲ, ਜੋ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਮਤਿਹਾਨ ਚੋਂ ਦਸਵੀਂ ਕਲਾਸ ਚੋਂ ਪਹਿਲੇ ਨੰਬਰ `ਤੇ ਰਿਹਾ ਸੀ, ਉਸਨੂੰ 2000 ਹਜ਼ਾਰ ਨਗਦ ਇਨਾਮ ,ਦੂਜੀ ਪੁਜੀਸ਼ਨ ਹਾਸਲ ਕਰਨ ਵਾਲੀ ਹਰਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਨੂੰ 1500 ਰੁਪਏ ਨਗਦ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਦੋ ਕੁੜੀਆਂ ਜਸਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਤੇ ਕਿਰਨਦੀਪ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੂੰ 1000-1000 ਰੁਪਏ ਦੀ ਨਗਦ ਇਨਾਮ ਦਿੱਤਾ ਗਿਆ। ਸਭ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀ ਦੀ ਅਧਿਆਪਕ ਮੈਡਮ ਮੋਨਾ ਸੇਠੀ ਨੂੰ ਵੀ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦਿੱਤਾ ਗਿਆ। ਇਸ ਤੋਂ ਇਲਾਵਾ ਸਕੂਲ ਮੈਨੇਜਮੈਂਟ ਅਤੇ ਉਮੀਦ ਸੇਵਾ ਸੁਸਾਇਟੀ ਨੇ ਮੁੱਖ ਮਹਿਮਾਨ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜਿਲ੍ਹਾ ਲੋਕ ਸੰਪਰਕ ਅਫਸਰ ਸ. ਗੁਰਦੀਪ ਸਿੰਘ ਮਾਨ ਨੇ ਇਸ ਸੰਸਥਾ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨੂੰ ਸਮੇਂ ਦੀ ਲੋੜ ਦੱਸਦਿਆਂ ਬੱਚਿਆਂ ਨੂੰ ਦਫਤਰ ਜਿਲ੍ਹਾ ਲੋਕ ਸੰਪਰਕ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਹੋਰ ਸਰਕਾਰੀ ਵਿਭਾਗਾਂ ਵਿੱਚ ਨਿੱਤ ਦੇ ਕੰਮ ਕਾਜ ਬਾਰੇ ਜਾਣਕਾਰੀ ਇੱਕਤਰ ਕਰਨ ਲਈ ਵੀ ਪ੍ਰੇਰਿਆ।ਅਖੀਰ ਵਿੱਚ ਹਾਈ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਆਸ਼ਾ ਰਾਣੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਗਗਨਦੀਪ ਕੌਰ, ਸੁਮੀਤ ਕੌਰ ਤੋਂ ਇਲਾਵਾ ਹਾਈ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ।