ਫਰੀਦਕੋਟ 18 ਅਕਤੂਬਰ : ਜਿਲ੍ਹੇ ਵਿੱਚ ਬੇਰੋਜ਼ਗਾਰੀ ਨੂੰ ਠੱਲ ਪਾਉਣ ਲਈ ਡਿਪਟੀ ਕਮਿਸ਼ਨਰ ਕਮ-ਚੇਅਰਮੈਂਨ ਡੀ.ਬੀ.ਈ.ਈ., ਫਰੀਦਕੋਟ ਦੀ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਰੋਡ ਨੇੜੇ ਸੰਧੂ ਪੈਲਿਸ, ਫਰੀਦਕੋਟ ਵੱਲੋਂ ਫਰੀਦਕੋਟ ਜਿਲ੍ਹੇ ਦੇ ਵੱਧ ਤੋਂ ਵੱਧ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰੋਜ਼ਗਾਰ/ਸਵੈ-ਰੋਜ਼ਗਾਰ ਅਤੇ ਹੋਰ ਸੇਵਾਂਵਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ. ਹਰਮੇਸ਼ ਕੁਮਾਰ ਨੇ ਦਿੱਤੀ। ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਸੇਵਾਂਵਾ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਬੇਰੋਜ਼ਗਾਰ ਪ੍ਰਾਰਥੀਆਂ ਦੀ ਮੈਨੂਅਲ ਅਤੇ ਆਨ-ਲਾਈਨ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ।ਬਿਊਰੋ ਵੱਲੋਂ ਹਰ ਮਹੀਨੇ ਪਲੈਸਮੈਂਟ-ਕੈਂਪ/ਸਵੈਂ-ਰੋਜ਼ਗਾਰ ਕੈਂਪ/ਸਕਿੱਲ-ਟ੍ਰੇਨਿੰਗ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਨੌਕਰੀ ਸਬੰਧੀ, ਲੋਨ ਸਬੰਧੀ ਅਤੇ ਸਕਿੱਲ ਟ੍ਰੇਨਿੰਗ ਸਬੰਧੀ ਲਾਭ ਦਿੱਤਾ ਜਾ ਸਕੇ।ਮੁਫ਼ਤ ਲਾਇਬ੍ਰੇਰੀ, ਮੁਫ਼ਤ ਇੰਟਰਨੈਂਟ ਸਹੂਲਤ ਦਿੱਤੀ ਜਾਂਦੀ ਹੈ ਤਾਂ ਜੋ ਪ੍ਰਾਰਥੀ ਦਫ਼ਤਰ ਵਿਖੇ ਦਫ਼ਤਰੀ ਸਮੇਂ ਵਿੱਚ ਹਾਜ਼ਰ ਹੋ ਕੇ ਮੁਕਾਬਲੇ ਦੀ ਪ੍ਰੀਖਿਆਵਾਂ ਦੀ ਤਿਆਰੀ ਲਈ ਕਿਤਾਬਾਂ ਪੜ੍ਹ ਸਕਣ ਅਤੇ ਮੁਫ਼ਤ ਇੰਟਰਨੈਂਟ ਦੇ ਜਰੀਏ ਪ੍ਰਕਾਸ਼ਿਤ ਅਸਾਮੀਆਂ ਅਪਲਾਈ ਕਰ ਸਕਣ। ਉਨ੍ਹਾਂ ਦੱਸਿਆ ਕਿ ਬਿਊਰੋ ਵੱਲੋਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਅਤੇ ਟੈਲੀਗ੍ਰਾਮ ਆਦਿ ਸ਼ੋਸਲ-ਮੀਡੀਆ ਅਕਾਂਊਟ ਬਣਾਏ ਗਏ ਹਨ, ਤਾਂ ਜੋ ਜਿਲ੍ਹਾ ਦੇ ਵੱਧ ਤੋਂ ਵੱਧ ਪ੍ਰਾਰਥੀਆਂ ਤੱਕ ਅਸਾਮੀਆਂ ਅਤੇ ਬਿਊਰੋ ਵੱਲੋਂ ਕੀਤੀਆਂ ਜਾਂਦੀਆਂ ਹੋਰ ਗਤੀਵਿਧੀਆਂ ਬਾਰੇ ਜਾਣਕਾਰੀ ਸਮੇਂ-ਸਮੇਂ ਪਹੁੰਚ ਸਕੇ। ਹੋਰ ਵਧੇਰੇ ਜਾਣਕਾਰੀ ਦਿੰਦਿਆ ਮਿਸ ਨੀਤੂ ਰਾਣੀ ਪਲੇਸਮੈਂਟ ਅਫ਼ਸਰ, ਫਰੀਦਕੋਟ ਨੇ ਦੱਸਿਆ ਕਿ ਜਿਲ੍ਹੇ ਦੇ ਬੇਰੁਜ਼ਗਾਰ ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 9:00 ਵਜੇ ਤੋਂ ਦੁਪਹਿਰ 5:00 ਵਜੇ ਤੱਕ ਦਫ਼ਤਰ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਆਪਣੇ ਪੜ੍ਹਾਈ ਦੇ ਅਸਲ-ਦਸਤਾਵੇਜ਼, ਅਧਾਰ-ਕਾਰਡ, ਜਾਤੀ-ਸਰਟੀਫਿਕੇਟ, ਰਜਿਊਮ ਆਦਿ ਦੀਆਂ ਫੋਟੋ-ਕਾਪੀਆਂ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।