- ਮਿੱਟੀ, ਹਵਾ ਤੇ ਪਾਣੀ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਇਫਕੋ ਖਾਦਾਂ ਦੀ ਵਰਤੋਂ ਜਰੂਰੀ
- ਇਫਕੋ ਵੱਲੋਂ ਸਮਸ਼ੇਰ ਨਗਰ ਵਿਖੇ ਜ਼ਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਕਰਵਾਇਆ ਗਿਆ
ਫ਼ਤਹਿਗੜ੍ਹ ਸਾਹਿਬ, 09 ਜੂਨ : ਇਫਕੋ ਦਾ ਨੈਨੋ ਯੂਰੀਆ (ਤਰਲ) ਪੌਦਿਆਂ ਲਈ ਨਾਈਟ੍ਰੋਜਨ ਦਾ ਇੱਕ ਉਤਮ ਸਰੋਤ ਹੈ ਅਤੇ ਇਫਕੋ ਦੀਆਂ ਖਾਦਾਂ ਦੀ ਵਰਤੋਂ ਨਾਲ ਖੇਤੀ ਉਤਪਾਦਕਾਂ ਦੀ ਗੁਣਵੱਤਾ ਅਤੇ ਪੌਸ਼ਟਿਕਤਾ ਵਿੱਚ ਵਾਧਾ ਹੁੰਦਾ ਹੈ। ਇਹ ਜਾਣਕਾਰੀ ਇਫਕੋ ਦੇ ਸਟੇਟ ਮੈਨੇਜਰ ਸ. ਹਰਮੇਲ ਸਿੰਘ ਸਿੱਧੂ ਨੇ ਸਮਸ਼ੇਰ ਨਗਰ ਸਰਹਿੰਦ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਘਰੀ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਨੌਨੋ ਯੂਰੀਆ ਦੇ ਦੇਸ਼ ਭਰ ਵਿੱਚ ਵੱਖ-ਵੱਖ ਫਸਲਾਂ ਅਤੇ ਮਿੱਟੀ-ਜਲਵਾਯੂ ਖੇਤਰਾਂ ਵਿੱਚ ਕੀਤੇ ਗਏ ਪ੍ਰੀਖਣਾਂ ਤੋਂ ਸਿੱਧ ਹੋਇਆ ਹੈ ਕਿ ਨੈਨੋ ਯੂਰੀਆ ਦੀ ਵਰਤੋਂ ਨਾਲ ਯੂਰੀਆ ਵਰਗੇ ਰਵਾਇਤੀ ਨਾਈਟ੍ਰੋਜਨ ਖਾਦ ਦੀ ਵਰਤੋਂ ਨੂੰ 50 ਫੀਸਦੀ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਖੇਤ ਵਿੰਚ ਪਾਏ ਗਏ ਯੂਰੀਆ ਦਾ ਸਿਰਫ 30-50 ਫੀਸਦੀ ਹਿੱਸਾ ਹੀ ਫਸਲਾਂ ਦੁਆਰਾ ਨਾਈਟ੍ਰੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਦੋਂ ਕਿ ਬਾਕੀ ਯੂਰੀਆ ਨਾਈਟ੍ਰੋਜਨ ਗੈਸ (ਅਮੋਨੀਆ, ਨਾਈਟ੍ਰਸ ਆਕਸਾਈਡ) ਜਾਂ ਨਾਈਟ੍ਰੇਟ ਦੇ ਰੂਪ ਵਿੰਚ ਮਿੱਟੀ, ਹਵਾ ਅਤੇ ਪਾਣੀ ਨੁੰ ਪ੍ਰਦੂਸ਼ਤ ਕਰਦੀ ਹੈ। ਇਸ ਲਈ ਮਿੱਟੀ, ਹਵਾ ਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਫਕੋ ਖਾਦਾਂ ਦੀ ਵਰਤੋਂ ਬਹੁਤ ਜਰੂਰੀ ਹੈ। ਸਿੱਧੂ ਨੇ ਕਿਹਾ ਕਿ ਇਫਕੋ ਦੇ ਨੈਨੋ ਡੀ.ਏ.ਪੀ. ਦੇ ਪ੍ਰਯੋਗ ਨਾਲ ਕਿਸਾਨ ਵਲੋਂ ਦਾਣੇਦਾਰ ਯੂਰੀਆ, ਡੀ ਏ ਪੀ ਦੀ ਖਪਤ ਨੂੰ ਅੱਧਾ ਕਰਦਿਆਂ, ਜਿਆਦਾ ਪੈਦਾਵਾਰ ਲਈ ਨੈਨੋ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਹੀ ਨੈਨੋ ਖਾਦਾਂ ਦੀ ਵਰਤੋਂ ਨਾਲ ਰਸਾਇਣਿਕ ਖਾਦਾਂ ਦੇ ਦੁਸ਼ਪ੍ਰਭਾਵ ਜਿਵੇਂ ਪਾਣੀ ਅਤੇ ਵਾਤਾਵਰਣ ਗੰਦਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਫਸਲਾਂ ਤੇ ਨੈਨੋ ਖਾਦਾਂ ਦੀ ਵਰਤੋਂ ਦੀ ਤਕਨੀਕ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਫਕੋ ਦੇ ਟਰੈਟਿਰੀ ਮੈਨੇਜਰ ਸ਼੍ਰੀ ਅਰਵਿੰਦ ਸਿੰਘ ਨੇ ਲੋੜ ਅਨੁਸਾਰ ਖੇਤੀ ਦਵਾਈਆਂ ਦੀ ਵਰਤੋਂ ਤੇ ਜੋਰ ਦਿੱਤਾ ਅਤੇ ਦੱਸਿਆ ਕਿ ਇਫਕੋ ਵੱਲੋਂ ਝੋਨੇ ਦੀਆਂ ਸਾਰੀਆਂ ਦਵਾਈਆਂ ਬਹੁਤ ਜਾਇਜ਼ ਭਾਅ ਤੇ ਮਿਲਦੀਆਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਕਿਸਾਨਾਂ ਦੀ ਆਰਥਿਕਤਾ ਵਿੱਚ ਵਾਧਾ ਹੋ ਸਕਦਾ ਹੈ। ਜ਼ਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ: ਦਮਨ ਝਾਂਜੀ ਨੇ ਕਿਹਾ ਕਿ ਕਿਸਾਨਾਂ ਨੂੰ ਆਪਸ ਵਿੱਚ ਮਿਲ ਕੇ ਖਾਦਾਂ ਲੈਣੀਆਂ ਚਾਹੀਦੀਆਂ ਹਨ ਅਤੇ ਪੋਸ਼ ਮਸ਼ੀਨਾਂ ਰਾਹੀਂ ਹੀ ਖਾਦਾਂ ਦੀ ਵਿਕਰੀ ਕਰਨੀ ਚਾਹੀਦੀ ਹੈ। ਉਨ੍ਹਾਂ ਤਰਲ ਕਨਸੋਰਸ਼ਿਆ ਵਰਤਣ ਲਈ ਕਿਹਾ। ਸਹਿਕਾਰਤਾ ਬੈਂਕ ਦੇ ਐਮ.ਡੀ. ਸ਼੍ਰੀ ਭਾਸਕਰ ਕਟਾਰੀਆ ਨੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਲਈ ਕਿਹਾ। ਉਨ੍ਹਾਂ ਖੇਤੀਬਾੜੀ ਨੂੰ ਉਚਾਈ ਤੇ ਲੈ ਕੇ ਜਾਣ ਲਈ ਬੈਂਕ,ਸਹਿਕਾਰਤਾ ਵਿਭਾਗ, ਖੇਤੀਬਾੜੀ ਵਿਭਾਗ ਅਤੇ ਇਫਕੋ ਦਾ ਇਕੱਠਿਆਂ ਮਿਲ ਕੇ ਕੰਮ ਕਰਨ ਤੇ ਜ਼ੋਰ ਦਿੱਤਾ। ਇਸ ਮੌਕੇ ਇਫਕੋ ਦੇ ਫੀਲਡ ਅਫਸਰ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਫਕੋ ਦੀਆਂ ਨੈਨੋ ਖਾਦਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਜ਼ਿਲ੍ਹਾ ਪੱਧਰੀ ਸੰਮੇਲਨ ਵਿੱਚ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਸਰਹਿੰਦ ਸ਼੍ਰੀਮਤੀ ਮੋਨਿਕਾ ਸੈਣੀ, ਸਹਾਇਕ ਰਜਿਸਟਰਾਰ ਖਮਾਣੋਂ ਹਰਪ੍ਰੀਤ ਕੌਰ, ਮਾਰਕਫੈੱਡ ਦੇ ਖਾਦ ਸਪਲਾਈ ਅਫਸਰ ਕਰਨ ਸਿੰਗਲਾ, ਸੀਨੀਅਰ ਮੈਨੇਜਰ ਰਣਧੀਰ ਗਰਗ ਤੋਂ ਇਲਾਵਾ ਖੇਤੀਬਾੜੀ ਨਾਲ ਜੁੜੇ ਅਦਾਰਿਆਂ ਦੇ ਅਧਿਕਾਰੀ, ਕਰਮਚਾਰੀ ਅਤੇ ਹੋਰ ਪਤਵੰਤੇ ਮੌਜੂਦ ਸਨ।