- 24 ਚਲਾਨ ਅਤੇ 4 ਵਾਹਨ ਕੀਤੇ ਇੰਪਾਊਂਡ
ਸੰਗਰੂਰ, 30 ਅਗਸਤ : ਸੜਕ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਮੁਹਿੰਮ ਤਹਿਤ ਅੱਜ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਡਾ. ਵਿਨੀਤ ਕੁਮਾਰ ਵੱਲੋਂ ਵੱਖ ਵੱਖ ਵਾਹਨਾਂ ਦੀ ਜਾਂਚ ਕਰਦਿਆਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਆਰ.ਟੀ.ਏ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿਛਲੇ ਕਈ ਮਹੀਨਿਆਂ ਤੋਂ 24 ਘੰਟੇ ਚੌਕਸੀ ਜਾਰੀ ਰੱਖੀ ਜਾ ਰਹੀ ਹੈ ਅਤੇ ਵੱਖ-ਵੱਖ ਸਮਿਆਂ ’ਤੇ ਅਚਨਚੇਤ ਚੈਕਿੰਗਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਤੜਕਸਾਰ ਤੋਂ ਲੈ ਕੇ ਸਾਰਾ ਦਿਨ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਇਸ ਦੌਰਾਨ ਜਿਥੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ 24 ਵਾਹਨਾਂ ਦੇ ਚਲਾਨ ਕੱਟੇ ਗਏ ਉਥੇ ਹੀ ਅਜਿਹੀਆਂ ਹੀ ਹੋਰ ਕਮੀਆਂ ਸਾਹਮਣੇ ਆਉਣ ’ਤੇ 4 ਵਾਹਨਾਂ ਨੂੰ ਇੰਪਾਊਡ ਵੀ ਕੀਤਾ ਗਿਆ। ਸਕੱਤਰ ਆਰ.ਟੀ.ਏ ਨੇ ਕਿਹਾ ਕਿ ਵਾਰ ਵਾਰ ਹਦਾਇਤਾਂ ਦੀ ਬਾਵਜੂਦ ਜਿਹੜੇ ਵਾਹਨ ਚਾਲਕ ਜਾਣਬੁੱਝ ਕੇ ਲਾਪਰਵਾਹੀ ਨਾਲ ਡਰਾਈਵਿੰਗ ਜਾਂ ਦਸਤਾਵੇਜ਼ੀ ਕਮੀਆਂ ਨੂੰ ਦੂਰ ਨਹੀਂ ਕਰ ਰਹੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਜ਼ਿਲਿ੍ਹਆਂ ਵਿੱਚ ਰੋਜ਼ਾਨਾ ਦੇ ਆਧਾਰ ’ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।