ਬਠਿੰਡਾ, 15 ਜੂਨ : ਭਾਰਤੀ ਜਨਤਾ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਤੋਂ ਬਾਅਦ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬਠਿੰਡਾ ਵਿਖੇ ਚੋਣ ਬਿਗਲ ਵਜਾਇਆ। ਇਸ ਸਮਾਗਮ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਅਤੇ ਹਰਿਆਣਾ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਸੰਬੋਧਨ ਕੀਤਾ ਜਿਨ੍ਹਾਂ ਜੰਮ ਕੇ ਮੋਦੀ ਸਰਕਾਰ ਦੀਆਂ ਸਿਫ਼ਤਾਂ ਕੀਤੀਆਂ । ਭਾਰਤੀ ਜਨਤਾ ਪਾਰਟੀ ਦੇ ਇਹ ਦੋਵੇਂ ਚੋਟੀ ਦੇ ਆਗੂ ਅੱਜ ਬਠਿੰਡਾ ਪੁੱਜੇ ਸਨ ਜਿਨ੍ਹਾਂ ਭਾਜਪਾ ਦੇ ਮਹਾਸੰਪਰਕ ਅਭਿਆਨ ਦੇ ਚਲਦਿਆਂ ਅੱਜ ਬਠਿੰਡਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਅਤੇ ਜਿਲਾ ਪਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨਾਲ ਵਿਚਾਰਾਂ ਕੀਤੀਆਂ। ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੇਵਾ, ਸੁਸ਼ਾਸਨ ਅਤੇ ਗਰੀਬ ਕਲਿਆਣ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ30 ਜੂਨ ਤਕ ਇਕ ਮਹਾਨ ਸੰਪਰਕ ਅਭਿਆਨ ਪੋ੍ਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਮਹਾਂਸ਼ਕਤੀ ਬਣਾਉਣ ਲਈ ਆਪਣਾ ਹਰ ਪਲ ਸਮਰਪਿਤ ਕੀਤਾ ਹੈ। ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ 21ਵੀਂ ਸਦੀ ਭਾਰਤ ਦੀ ਸਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਦਲਾਲ ਕਲਚਰ ਦਾ ਖਾਤਮਾ ਕੀਤਾ ਹੈ ਜਦੋਂ ਕਿ ਪਹਿਲਾਂ ਪੈਸੇ ਦਲਾਲਾਂ ਵੱਲੋਂ ਹੀ ਖਾ ਲਏ ਜਾਂਦੇ ਸਨ। ਉਨ੍ਹਾਂ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈਆਂ ਗਈਆਂ ਯੋਜਨਾਵਾਂ ਦੀ ਚਰਚਾ ਕੀਤੀ ਅਤੇ ਪਾਰਟੀ ਆਗੂਆਂ ਨੂੰ ਆਮ ਲੋਕਾਂ ਤੱਕ ਲਿਜਾਣ ਦਾ ਸੱਦਾ ਦਿੱਤਾ। ਹਰਿਆਣਾ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਕਿਹਾ ਕਿ ਪਿਛਲੇ 9 ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗਰੀਬਾਂ ਦੀ ਭਲਾਈ ਅਤੇ ਨਵ-ਨਿਰਮਾਣ ਨੂੰ ਸਮਰਪਿਤ ਰਹੇ ਹਨ। ਕਾਂਗਰਸ ਪਾਰਟੀ ਦਾ ਨਾਮ ਨਾਂ ਲਏ ਬਿਨਾਂ ਉਨ੍ਹਾਂ ਆਖਿਆ ਕਿ ਇਸ ਅਰਸੇ ਦੌਰਾਨ ਇੱਕ ਪਾਰਟੀ ਦੀ ਆਪਣਾ ਪਰਿਵਾਰ ਅਤੇ ਆਪਣਾ ਵਿਕਾਸ ਦੀ ਨੀਤੀ ਨੂੰ ਦਰਕਿਨਾਰ ਕਰਦਿਆਂ ਭਾਜਪਾ ਦੇ ਨਾਅਰੇ ਸਭਕਾ ਸਾਥ ਸਭਕਾ ਵਿਕਾਸ ਨੂੰ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤੀਵਾਦ, ਪਰਿਵਾਰਵਾਦ, ਭਿ੍ਸ਼ਟਾਚਾਰ ਦੀ ਰਾਜਨੀਤੀ ਨੂੰ ਖਤਮ ਕਰਕੇ ਵਿਕਾਸ ਦੀ ਰਾਜਨੀਤੀ ਦੀ ਸਥਾਪਨਾ ਕੀਤੀ ਹੈ। ਉਨ੍ਹਾਂ ਇਸ ਮੌਕੇ ਜਨ-ਧਨ ਯੋਜਨਾ, ਗੈਸ ਕੁਨੈਕਸ਼ਨ, ਆਯੁਸ਼ਮਾਨ ਯੋਜਨਾ, ਗਰੀਬਾਂ ਨੂੰ ਮਕਾਨ ਦੇਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਅਤੇ ਕਿਸਾਨ ਨਿਧੀ ਯੋਜਨਾ ਨੂੰ ਮੋਦੀ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਕਰਾਰ ਦਿੱਤਾ ਜਿਨ੍ਹਾਂ ਦਾ ਹਰ ਵਰਗ ਦੇ ਲੋਕਾਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸੂਬਾ ਮੀਤ ਪ੍ਰਧਾਨ ਦਿਆਲ ਸੋਢੀ, ਮੀਡੀਆ ਇੰਚਾਰਜ ਸੁਨੀਲ ਸਿੰਗਲਾ, ਸੂਬਾ ਬੁਲਾਰੇ ਅਸ਼ੋਕ ਭਾਰਤੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਸਰੂਪ ਚੰਦ ਸਿੰਗਲਾ, ਜ਼ਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਦਿਹਾਤੀ ਰਵੀਪ੍ਰਰੀਤ ਸਿੰਘ ਸਿੱਧੂ, ਸੀਨੀਅਰ ਆਗੂ ਇੰਜਨੀਅਰ ਰੁਪਿੰਦਰ ਜੀਤ ਸਿੰਘ , ਰਾਜ ਨੰਬਰਦਾਰ, ਨੀਰਜ ਜੋੜਾ ਅਤੇ ਵਰਿੰਦਰ ਸ਼ਰਮਾ ਵੀ ਹਾਜ਼ਰ ਸਨ।