ਲੁਧਿਆਣਾ, 17 ਜਨਵਰੀ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਭਾਰਤੀ ਕਿਸਾਨ ਯੂਨੀਅਨ ਦੇ ਨਮੁਾਇੰਦਿਆਂ ਅਤੇ ਪੀ.ਡਬਲਿਊ.ਡੀ. ਦੇ ਅਧਿਕਾਰੀਆਂ ਨਾਲ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਰਾਹੋਂ ਰੋਡ ਦੀ ਮੁਰੰਮਤ ਕਾਰਜ ਜਲਦ ਸ਼ੁਰੂ ਕਰਵਾਉਣ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਡਿਪਟੀ ਕਮਿਸ਼ਨਰ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਸੈਂਟਰਲ ਰੋਡ ਬੁਨਿਆਦੀ ਢਾਂਚਾ ਫੰਡ ਅਧੀਨ ਲੋਕ ਨਿਰਮਾਣ ਵਿਭਾਗ ਵਲੋਂ ਪੰਜਾਬ ਦੀਆਂ ਵੱਖ-ਵੱਖ 21 ਸੜ੍ਹਕਾਂ ਦੀ ਮੁਰੰਮਤ ਕੀਤੀ ਜਾਣੀ ਹੈ ਜਿਹਨਾਂ ਵਿਚ ਰਾਹੋਂ ਰੋਡ ਦੀ ਮੁਰੰਮਤ ਵੀ ਸ਼ਾਮਲ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਦੇ ਹੋਏ ਅਪਰੂਵਲ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਪਰੂਵਲ ਆਉਣ ਤੋਂ ਤੁਰੰਤ ਬਾਅਦ ਸਬੰਧਤ ਵਿਭਾਗ ਵੱਲੋ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਤੈਅ ਸਮੇਂ ਦੇ ਅੰਦਰ ਰਾਹੋਂ ਰੋਡ ਵਾਲੀ ਸੜ੍ਹਕ ਦੇ ਮੁਰੰਮਤ ਕਾਰਜ਼ ਮੁਕੰਮਲ ਕਰ ਲਏ ਜਾਣਗੇ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸ. ਦਿਲਬਾਗ ਸਿੰਘ ਗਿੱਲ, ਲੋਕ ਨਿਰਮਾਣ ਵਿਭਾਗ ਦੇ ਕਾਰਜ਼ਕਾਰੀ ਇੰਜੀਨੀਅਰ ਸ. ਜਗਮੀਤ ਸਿੰਘ, ਐਸ.ਡੀ.ਓ. ਸ੍ਰੀ ਅਮਿਤ ਸੋਨੀ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।