ਫਰੀਦਕੋਟ 26 ਜੂਨ 2024 : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਅਸ਼ੀਰਵਾਦ ਸਕੀਮ ਤਹਿਤ ਜਿਲ੍ਹੇ ਅੰਦਰ 79,56,000 ਰੁਪਏ ਦੀ ਰਾਸ਼ੀ ਦੀ ਪ੍ਰਵਾਨਗੀ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋਈ ਹੈ ਜੋ ਕਿ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਜਲਦ ਹੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ 51000 ਰੁਪਏ ਦੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ । ਜਿਲ੍ਹੇ ਅੰਦਰ ਮਹੀਨਾ ਅਪ੍ਰੈਲ 2023 ਅਤੇ ਮਈ 2023 ਤੱਕ ਦੇ 156 ਲਾਭਪਾਤਰੀਆਂ ਨੂੰ 79,56,000 ਰੁਪਏ ਦੀ ਅਦਾਇਗੀ ਸਿੱਧੇ ਤੌਰ ਤੇ ਡੀ.ਬੀ.ਟੀ ਮੋਡ ਰਾਹੀਂ ਉਨ੍ਹਾਂ ਦੇ ਨਿੱਜੀ ਬੈਂਕ ਖਾਤਿਆਂ ਵਿਚ ਕੀਤੀ ਜਾ ਰਹੀਂ ਹੈ । ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਜਿਨ੍ਹਾਂ ਲਾਭਪਾਤਰੀਆਂ ਵੱਲੋਂ ਮਹੀਨਾ ਅਪ੍ਰੈਲ 2023 ਅਤੇ ਮਈ 2023 ਤੱਕ ਅਸ਼ੀਰਵਾਦ ਸਕੀਮ ਤਹਿਤ ਆਨਲਾਈਨ ਅਪਲਾਈ ਕੀਤਾ ਹੋਇਆ ਹੈ, ਉਹ ਲਾਭਪਾਤਰੀ ਤੁਰੰਤ ਹੀ ਆਪਣਾ ਬੈਂਕ ਖਾਤੇ ਚੈੱਕ ਕਰਕੇ ਚਾਲੂ ਰੱਖਣ ਤਾਂ ਜੋ ਲਾਭਪਾਤਰੀਆਂ ਨੂੰ ਆਨਲਾਈਨ ਰਾਸ਼ੀ ਦੀ ਅਦਾਇਗੀ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਜਾ ਸਕੇ।