- ਡਿਪਟੀ ਕਮਿਸ਼ਨਰ ਅਤੇ ਪੁਲਿਸ ਅਧਿਕਾਰੀਆਂ ਨੇ ਪਿੰਡ ਰਤਨਾਨਾ ਦੇ ਸਤਲੁਜ ਦਰਿਆ ਵਿਖੇ ਕੀਤੀ ਰੇਡ
- ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਟੀਮਾਂ ਦਾ ਗਠਨ ਕਰ ਕੇ ਸਮੇਂ ਸਮੇਂ ਸਿਰ ਚੈਕਿੰਗ ਕਰਨ ਸੰਬੰਧੀ ਦਿੱਤੇ ਨਿਰਦੇਸ਼
ਐਸ ਬੀ ਐਸ ਨਗਰ, 13 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਸ਼ਿਕਾਇਤ ਮਿਲਣ ਉਪਰੰਤ ਸਤਲੁਜ ਦਰਿਆ ਨਾਲ ਲੱਗਦੇ ਪਿੰਡ ਰਤਨਾਨਾ ਵਿਖੇ ਦਰਿਆ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਅਚਨਚੇਤ ਚੈਕਿੰਗ ਕੀਤੀ ਅਤੇ ਇੱਕ ਵਿਅਕਤੀ ਸਮੇਤ ਦੋ ਟਰਾਲੀਆਂ ਨੂੰ ਕਾਬੂ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਐਸ ਐਚ ਓ ਰਾਹੋਂ ਪੰਕਜ ਸ਼ਰਮਾ ਅਤੇ ਨਾਇਬ ਤਹਿਸੀਲਦਾਰ ਵਿਜੇ ਵੀ ਮੌਜੂਦ ਸਨ। ਡਿਪਟੀ ਕਮਿਸ਼ਨਮਰ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲ ਰਹੀ ਸੀ ਕਿ ਪਿੰਡ ਰਤਨਾਨਾ ਵਿਖੇ ਬਰਸਾਤ ਤੋਂ ਬਾਅਦ ਭਾਰੀ ਮਾਤਰਾ ਦੇ ਵਿੱਚ ਰੇਤਾ ਰੁੜ ਕੇ ਆਏ ਹੋਈ ਹੈ। ਇਸਦਾ ਫਾਇਦਾ ਉਠਾਉਂਦੇ ਹੋਏ ਮਾਈਨਿੰਗ ਮਾਫੀਆ ਵੱਲੋਂ ਰੇਤਾ ਦਰਿਆ ਵਿੱਚੋਂ ਇਕੱਠੀ ਕਰਕੇ ਟਿੱਪਰ ਟਰਾਲੀਆਂ ਰਾਹੀਂ ਦੂਜੇ ਸ਼ਹਿਰਾਂ ਦੇ ਵਿੱਚ ਸਪਲਾਈ ਕੀਤੀ ਜਾਂਦੀ ਹੈ। ਸੂਚਨਾ ਮਿਲਣ ਉਪਰੰਤ ਜਦ ਦਰਿਆ ਰੇਡ ਕੀਤੀ ਗਈ ਤਾਂ ਪਾਇਆ ਗਿਆ ਕਿ ਮਾਈਨਿੰਗ ਮਾਫੀਆ ਵੱਲੋਂ ਦਰਿਆ ਵਿੱਚੋਂ ਰੇਤਾ ਇਕੱਠੀ ਕਰਕੇ ਇਕ ਵਿਸ਼ੇਸ਼ ਡੰਪ ਬਣਾਇਆ ਗਿਆ ਸੀ । ਇਸ ਡੰਪ ਦੇ ਨਾਲ ਦੋ ਟਰਾਲੀਆਂ ਅਤੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਪੁਲਿਸ ਵਿਭਾਗ ਵੱਲੋਂ ਵਿਅਕਤੀ ਤੋਂ ਪੁੱਛ ਗਿੱਛ ਕੀਤੀ ਗਈ ਹੈ ਅਤੇ ਨਿਯਮਾਂ ਅਨੁਸਾਰ ਪਰਚਾ ਦਰਜ ਕਰਕੇ ਸਖਤ ਕਾਰਵਾਈ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਅਵੈਧ ਮਾਈਨਿੰਗ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੁਲਿਸ ਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਸਮੇਂ ਸਮੇਂ ਤੇ ਦਿਨ ਰਾਤ ਰੇਡ ਕਰਕੇ ਚੈਕਿੰਗ ਕਰਨ ਲਈ ਕਹਿ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਵੈਧ ਮਾਈਨਿੰਗ ਦੇ ਨਾਲ ਦਰਿਆ ਦੇ ਕੰਡੇ ਬੰਨ ਵੀ ਖਰਾਬ ਹੋ ਜਾਂਦੇ ਹਨ ਜਿਸ ਨਾਲ ਪਾਣੀ ਜ਼ਿਆਦਾ ਮਾਤਰਾ ਵਿੱਚ ਆਉਣ ਤੇ ਬੰਨ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ।