ਲੁਧਿਆਣਾ, 24 ਜੁਲਾਈ 2024 : ਲੁਧਿਆਣਾ ਦੇ ਵੱਖ ਵੱਖ ਲਿਾਕਿਆਂ ਵਿੱਚ ਦੋ ਲੋਕਾਂ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ। ਜਾਣਕਾਰੀ ਦਿੰਦਿਆਂ ਥਾਣਾ ਜਮਾਲਪੁਰ ਦੇ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਸੰਜੇ ਗਾਂਧੀ ਕਲੋਨੀ ਵਿੱਚ ਇੱਕ ਘਰ ਵਿੱਚ ਸੱਪ ਵੜ ਗਿਆ। ਸੱਪ ਨੇ ਕਮਰੇ 'ਚ ਸੌਂ ਰਹੇ ਵਿਅਕਤੀ 'ਤੇ ਹਮਲਾ ਕਰ ਦਿੱਤਾ। ਸੱਪ ਦੇ ਡੰਗਣ ਤੋਂ ਬਾਅਦ ਵਿਅਕਤੀ ਨੇ ਕਾਫੀ ਰੌਲਾ ਪਾਇਆ। ਇਲਾਜ ਕਰਵਾਉਣ ਦੀ ਬਜਾਏ ਉਹ ਸਾਰੀ ਰਾਤ ਸੱਪ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਇਧਰ-ਉਧਰ ਘੁੰਮਦਾ ਰਿਹਾ। ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਸਵੇਰੇ ਲੋਕਾਂ ਨੂੰ ਉਸ ਦੇ ਕਮਰੇ ਵਿੱਚ ਵਿਅਕਤੀ ਦੀ ਲਾਸ਼ ਮਿਲੀ। ਇਸੇ ਦੌਰਾਨ ਕਟਾਣੀ ਕਲਾਂ ਚੌਕੀ ਅਧੀਨ ਪੈਂਦੇ ਮਾਨ ਨਗਰ ਇਲਾਕੇ ਵਿੱਚ ਦੇਰ ਰਾਤ ਧਰਮਿੰਦਰ ਨਾਂ ਦੇ 20 ਸਾਲਾ ਨੌਜਵਾਨ ਨੂੰ ਸੱਪ ਨੇ ਡੰਗ ਲਿਆ। ਧਰਮਿੰਦਰ ਦੇ ਜੀਜਾ ਸਰਵਨ ਨੇ ਦੱਸਿਆ ਕਿ ਧਰਮਿੰਦਰ ਆਪਣੇ ਮਾਤਾ-ਪਿਤਾ ਨਾਲ ਕਮਰੇ 'ਚ ਸੌਂ ਰਿਹਾ ਸੀ। ਰਾਤ ਕਰੀਬ 3 ਵਜੇ ਉਸ ਨੂੰ ਸੱਪ ਨੇ ਡੰਗ ਲਿਆ। ਉਸ ਨੇ ਰੌਲਾ ਪਾਇਆ। ਪਰਿਵਾਰ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾਇਆ ਗਿਆ ਹੈ।