
- ਸਮੂਹ ਡੀਲਰ ਝੋਨੇ ਦੇ ਮਿਆਰੀ ਬੀਜ ਤੇ ਪੀ.ਏ.ਯੂ ਵੱਲੋਂ ਸਿਫਾਰਿਸ਼ ਸ਼ੁਦਾ ਕਿਸਮਾਂ ਦੀ ਹੀ ਵਿਕਰੀ ਕਰਨ
ਮੋਗਾ, 17 ਅਪ੍ਰੈਲ 2025 : ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਜ਼ਿਲ੍ਹਾ ਮੋਗਾ ਦੇ ਡਾ. ਜਗਦੀਪ ਸਿੰਘ ਏ.ਡੀ.ਓ ਵੱਲੋਂ ਸਮੂਹ ਬੀਜ ਵਿਕਰੇਤਾਵਾਂ ਅਤੇ ਬੀਜ ਉਤਪਾਦਕਾਂ ਦੀ ਮੀਟਿੰਗ-ਕਮ-ਟ੍ਰੇਨਿੰਗ ਕਰਵਾਈ ਗਈ। ਇਸ ਟਰੇਨਿੰਗ ਵਿੱਚ ਡਾ. ਜਗਦੀਪ ਸਿੰਘ ਵੱਲੋਂ ਬੀਜ ਦੀ ਵਿਕਰੀ ਕਰਨ ਲਈ ਨਵੇਂ ਬਣੇ ਸਾਥੀ ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹ ਪੋਰਟਲ ਭਾਰਤ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਮੁੱਹਈਆ ਕਰਵਾਉਣ ਲਈ ਉਚੇਚੇ ਤੌਰ ਤੇ ਬਣਾਇਆ ਗਿਆ ਹੈ, ਜਿਸ ਵਿੱਚ ਬੀਜ ਕਿਸ ਫਾਰਮ ਤੇ ਪੈਦਾ ਕੀਤਾ ਗਿਆ, ਕਿਸ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਅਤੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਟੈਸਟ ਕਰਨ ਤੱਕ ਦੇ ਸਫਰ ਦੀ ਪੂਰੀ ਜਾਣਕਾਰੀ ਕਿਸਾਨ ਨੂੰ ਮਿਲ ਸਕੇਗੀ। ਇਸ ਟ੍ਰੇਨਿੰਗ ਦੌਰਾਨ ਡੀਲਰਾਂ ਨੂੰ ਆਪਣੀ ਆਈ.ਡੀ. ਵਿੱਚ ਲੋਗਇੰਨ ਕਰਨ ਤੋਂ ਲੈ ਕੇ ਵਿਕਰੀ ਕਰਨ ਤੱਕ ਦੀ ਡੈਮੋਨਸਟਰੇਸ਼ਨ ਦਿੱਤੀ ਗਈ। ਇਸ ਪੋਰਟਲ ਸਬੰਧੀ ਡੀਲਰਾਂ ਦੇ ਸਵਾਲ ਅਤੇ ਸ਼ੰਕੇ ਦੂਰ ਕੀਤੇ ਗਏ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਵੱਲੋਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਮਿਆਰੀ ਬੀਜ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆ ਗਈਆ ਪ੍ਰਮਾਣਿਤ ਕਿਸਮਾਂ ਦੀ ਹੀ ਵਿਕਰੀ ਕਰਨ ਤਾਂ ਜੋ ਜ਼ਿਲ੍ਹੇ ਅੰਦਰ ਕਿਸੇ ਵੀ ਕਿਸਾਨ ਨੂੰ ਆਉਂਦੀ ਸਾਉਣੀ ਦੀ ਫ਼ਸਲ ਦੇ ਬੀਜ ਕਾਰਨ ਕੋਈ ਸਮੱਸਿਆ ਨਾ ਆਵੇ ਅਤੇ ਨਾਲ ਇਹ ਹਦਾਇਤ ਵੀ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਪੂਸਾ 44 ਅਤੇ ਹਾਈਬ੍ਰਿਡ ਬੀਜਾਂ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ, ਇਸ ਲਈ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ। ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਡਾ. ਸੁਖਰਾਜ ਕੌਰ ਦਿਉਲ ਖੇਤੀਬਾੜੀ ਅਫਸਰ ਸਦਰ ਮੁਕਾਮ ਨੇ ਬੀਜ ਡੀਲਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੂਸਾ 44 ਵਰਗੀਆਂ ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਜਿੱਥੇ ਵੱਧ ਪਾਣੀ ਦੀ ਖਪਤ ਕਰਦੀਆਂ ਹਨ, ਉੱਥੇ ਇਸ ਕਿਸਮ ਦੀ ਪਰਾਲੀ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਦੇ ਮੁਕਾਬਲੇ ਜ਼ਿਆਦਾ ਹੋਣ ਕਾਰਨ ਪਰਾਲੀ ਪ੍ਰਬੰਧਨ ਵਿੱਚ ਬਹੁਤ ਵੱਡੀ ਮੁਸ਼ਕਿਲ ਖੜੀ ਕਰਦੀਆਂ ਹਨ। ਇਸ ਲਈ ਪੀ.ਏ.ਯੂ. ਲੁਧਿਆਣਾ ਵੱਲ਼ੋਂ ਸਿਫਾਰਸ਼ ਕੀਤੀਆਂ ਗਈਆਂ ਪੀ.ਆਰ. 126, 131, 128, 132,121 ਆਦਿ ਕਿਸਮਾਂ ਦੇ ਬੀਜ ਦੀ ਵਿਕਰੀ ਕੀਤੀ ਜਾਵੇ। ਇਸ ਟਰੇਨਿੰਗ ਸੈਸ਼ਨ ਦੌਰਾਨ ਡਾ. ਬਲਜਿੰਦਰ ਸਿੰਘ (ਏ.ਪੀ.ਪੀ.ੳ) ਨੇ ਕਿਹਾ ਕਿ ਜੇਕਰ ਕਿਸੇ ਵੀ ਬੀਜ ਵਿਕਰੇਤਾ ਨੂੰ ਸਾਥੀ ਪੋਰਟਲ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਬਲਾਕ ਦੇ ਬਲਾਕ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕਰਨ ਅਤੇ ਸਰਟੀਫਾਈਡ ਬੀਜ ਦੀ ਵਿਕਰੀ ਸਾਥੀ ਪੋਰਟਲ ਤੋਂ ਹੀ ਕਰਨ। ਇਸ ਟਰੇਨਿੰਗ ਵਿੱਚ ਡਾ. ਯਸ਼ਪ੍ਰੀਤ ਕੌਰ ਏ.ਡੀ.ੳ, ਨਵਜੋਤ ਸਿੰਘ ਏ.ਟੀ.ਐਮ, ਅਤੇ ਵਿਕਾਸ ਸ਼ਰਮਾ ਵੀ ਹਾਜਰ ਸਨ।