- ਕੈਬਨਿਟ ਮੰਤਰੀ ਮੀਤ ਹੇਅਰ ਨੇ ਸੰਗਰੂਰ ਵਿਖੇ ਕੌਮੀ ਝੰਡਾ ਲਹਿਰਾਇਆ
ਸੰਗਰੂਰ, 15 ਅਗਸਤ : ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਸੰਗਰੂਰ ਦੇ ਪੁਲਿਸ ਲਾਈਨ ਸਟੇਡੀਅਮ ਵਿਖੇ ਹੋਏ ਜ਼ਿਲਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਕੌਮੀ ਝੰਡਾ ਤਿਰੰਗਾ ਲਹਿਰਾਇਆ ਅਤੇ ਸ਼ਾਨਦਾਰ ਪਾਰਚ ਪਾਸਟ ਤੋਂ ਸਲਾਮੀ ਲਈ। ਮੀਤ ਹੇਅਰ ਨੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਐਸ ਐਸ ਪੀ ਸੁਰੇਂਦਰ ਲਾਂਬਾ ਦੇ ਨਾਲ ਪਰੇਡ ਦੀਆਂ ਟੁਕੜੀਆਂ ਦਾ ਨਿਰੀਖਣ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ, “ਅੱਜ ਦਾ ਦਿਨ ਸਾਨੂੰ ਸਾਡੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਤੇ ਲੰਬੀ ਘਾਲਣਾ ਬਾਅਦ ਦੇਖਣ ਨੂੰ ਨਸੀਬ ਹੋਇਆ। ਦੇਸ਼ ਖ਼ਾਤਰ ਜਾਨਾਂ ਵਾਰਨ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਯੋਗਦਾਨ ਸੀ। ਸਾਡੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਸੁਫ਼ਨਾ ਹੈ ਕਿ ਸ਼ਹੀਦਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜੀਏ ਅਤੇ ਪੰਜਾਬ ਨੂੰ ਮੁੜ ਰੰਗਲਾ, ਹੱਸਦਾ ਤੇ ਖੇਡਦਾ ਸੂਬਾ ਬਣਾਈਏ।” ਮੀਤ ਹੇਅਰ ਨੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਆਖਿਆ ਕਿ ਸਰਕਾਰ ਨੇ ਡੇਢ ਸਾਲ ਤੋਂ ਵੀ ਘੱਟ ਸਮੇਂ ਅੰਦਰ ਸਿਹਤ, ਸਿੱਖਿਆ, ਬਿਜਲੀ, ਸਰਕਾਰੀਆਂ ਨੌਕਰੀਆਂ, ਪ੍ਰਸ਼ਾਸਨਿਕ ਸੁਧਾਰ, ਖੇਡਾਂ, ਨਹਿਰੀ ਪਾਣੀ ਦੀ ਸਿੰਜਾਈ ਆਦਿ ਖੇਤਰਾਂ ਵਿੱਚ ਲਾਮਿਸਾਲ ਕਾਇਮ ਕੀਤੇ ਹਨ। ਉਨ੍ਹਾਂ ਸੰਗਰੂਰ ਦੀ ਇਤਿਹਾਸਿਕ, ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਨੂੰ ਪ੍ਰਣਾਮ ਕੀਤਾ। ਉਨ੍ਹਾਂ ਪੁਲਿਸ ਲਾਈਨ ਸਟੇਡੀਅਮ ਲਈ 20 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਸੱਭਿਆਚਾਰਕ ਪ੍ਰੋਗਰਾਮ ਨੇ ਸਭ ਦਾ ਮਨ ਮੋਹਿਆ। ਇਸ ਮੌਕੇ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਜਸਵੀਰ ਸਿੰਘ ਕੁਦਨੀ, ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਸੀਨੀਅਰ ਆਪ ਆਗੂ ਮਨਦੀਪ ਸਿੰਘ ਲੱਖੇਵਾਲ ਸਮੇਤ ਵੱਡੀ ਗਿਣਤੀ ‘ਚ ਅਧਿਕਾਰੀ ਤੇ ਸੰਗਰੂਰ ਵਾਸੀ ਹਾਜ਼ਰ ਸਨ।