ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਨਵੀਨੀਕਰਨ ਵਿਚ ਖਾਮੀਆਂ ਅਤੇ ਇਸਦੀ ਮੂਲ ਹਾਲਤ ਵਿੱਚ ਆਈਆਂ ਤਬਦੀਲੀਆਂ ਦਾ ਮੁੱਦਾ ਲੋਕ ਸਭਾ ਵਿੱਚ ਉਠਾਇਆ ਹੈ, ਜਿਸਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਮ.ਪੀ ਤਿਵਾੜੀ ਨੇ ਕਿਹਾ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਦੀ ਅਗਵਾਈ 'ਚ ਉਥੇ ਇਕੱਠੇ ਹੋਏ ਸੈਂਕੜੇ ਪੰਜਾਬੀਆਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਜਿਸਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲਿਆ। ਪਰ ਅਫਸੋਸ ਦੀ ਗੱਲ ਹੈ ਕਿ ਜਲ੍ਹਿਆਂਵਾਲਾ ਬਾਗ ਦੀ ਮੁਰੰਮਤ ਵਿੱਚ ਇਸਦੀ ਅਸਲ ਹਾਲਤ ਨੂੰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਮੁਰੰਮਤ ਦੇ ਕੰਮ ਵਿੱਚ ਕਈ ਕਮੀਆਂ ਰਹਿ ਗਈਆਂ ਹਨ, ਜੋ ਪੰਜਾਬੀਆਂ ਦੀ ਅੰਤਰ ਆਤਮਾ ਨੂੰ ਠੇਸ ਪਹੁੰਚਾਉਂਦੀਆਂ ਹਨ। ਇਸੇ ਸਿਲਸਿਲੇ ਵਿੱਚ ਉਥੇ ਲਗਾਏ ਗਏ ਸੂਚਨਾ ਬੋਰਡਾਂ ਵਿੱਚ ਪੰਜਾਬੀ ਨੂੰ ਗਲਤ ਲਿਖਿਆ ਗਿਆ ਹੈ। ਇਸੇ ਤਰ੍ਹਾਂ ਕੋੜੇ ਮਾਰਨ ਵਾਲੀ ਗਲੀ ਵੀ ਹੈ, ਜਿੱਥੇ ਲੋਕਾਂ ਨੂੰ ਕੋੜੇ ਮਾਰ ਕੇ ਬਾਹਰ ਕੱਢਿਆ ਗਿਆ, ਨੂੰ ਕੋਹੜ ਵਾਲੀ ਗਲੀ ਲਿਖਿਆ ਗਿਆ ਹੈ, ਭਾਵ ਜਿੱਥੇ ਕੋੜ੍ਹੀ ਹਨ। ਜਿਨ੍ਹਾਂ ਥਾਵਾਂ ਸਮੇਤ ਜਨਰਲ ਡਾਇਰ ਨੇ ਜਿਸ ਜਗ੍ਹਾ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ, ਉਸਨੂੰ ਸਹੀ ਢੰਗ ਨਾਲ ਨਹੀਂ ਦਿਖਾਇਆ ਗਿਆ ਹੈ। ਜਿਸ 'ਤੇ ਉਨ੍ਹਾਂ ਸਰਕਾਰ ਨੂੰ ਪੁਰਾਤੱਤਵ ਵਿਭਾਗ ਜਾਂ ਕੇਂਦਰ ਦੀ ਟੀਮ ਜਲਿਆਂਵਾਲਾ ਬਾਗ ਭੇਜਣ ਦੀ ਅਪੀਲ ਕੀਤੀ ਹੈ। ਜਿਸ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਅਰਮੈਨ ਹਨ।