ਐਮਰਜੈਂਸੀ ਵਿੱਚ ਆਪਾਤਕਾਲੀਨ ਸੇਵਾਵਾਂ ਲਈ ਦਵਾਈਆਂ ਦੀ ਕੋਈ ਘਾਟ ਨਹੀਂ ਹੋਣੀ ਚਾਹੀਦੀ : ਡਾ ਬਲਬੀਰ ਸਿੰਘ

  • ਸਿਹਤ ਮੰਤਰੀ  ਨੇ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਅਤੇ ਚਨਾਰਥਲ ਕਲਾ ਵਿਖੇ ਰਾਤ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਦੀ ਕੀਤੀ ਅਚਨਚੇਤ ਚੈਕਿੰਗ

ਸ੍ਰੀ ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਜ਼ਿਲਾ ਹਸਪਤਾਲ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਕਮੂਨਿਟੀ ਸਿਹਤ ਕੇਂਦਰ ਚਨਾਰਥਲ ਕਲਾ ਵਿਖੇ ਰਾਤ ਨੂੰ ਐਮਰਜੈਂਸੀ ਸਿਹਤ ਸੇਵਾਵਾਂ ਦੀ ਅਚਨਚੇਤ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ ਉਹਨਾਂ ਐਮਰਜੈਂਸੀ ਵਿੱਚ ਡਿਊਟੀ ਕਰਨ ਵਾਲੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ, ਸਮੂਹ ਸਟਾਫ ਡਿਊਟੀ ਤੇ ਹਾਜਰ ਪਾਇਆ ਗਿਆ। ਉਹਨਾਂ ਰਾਤ ਦੀ ਡਿਊਟੀ ਤੇ ਤਾਇਨਾਤ ਐਮਰਜੈਂਸੀ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਐਮਰਜੈਂਸੀ ਵਿੱਚ ਆਪਾਤਕਾਲੀਨ ਸੇਵਾਵਾਂ ਲਈ ਦਵਾਈਆਂ ਦੀ ਕੋਈ ਘਾਟ ਨਹੀਂ ਹੋਣੀ ਚਾਹੀਦੀ ਅਤੇ ਇਹ ਸੇਵਾਵਾਂ ਹੋਰ ਚੁਸਤ ਦਰੁਸਤ ਕੀਤੀਆਂ ਜਾਣ । ਉਹਨਾਂ ਕਿਹਾ ਕਿ ਉਹ ਐਮਰਜੈਂਸੀ ਵਿੱਚ ਲੱਗੇ ਸਾਰੇ ਉਪਕਰਣ ਵਰਕਿੰਗ ਕੰਡੀਸ਼ਨ ਵਿੱਚ , ਉਚਿਤ ਮਾਤਰਾ ਵਿੱਚ ਦਵਾਈਆਂ ,ਉਚਿਤ ਮਾਤਰਾ ਵਿੱਚ ਖੂਨ ਦਾ ਪ੍ਰਬੰਧ, ਅਤੇ ਸਹੀ ਮੈਨ ਪਾਵਰ ਦਾ ਪ੍ਰਬੰਧ, ਬਿਜਲੀ ਦੀ ਬੈਕਅਪ ਆਦਿ ਦਾ ਪ੍ਰਬੰਧ ਬਰਕਰਾਰ ਰੱਖਣਾ ਯਕੀਨੀ ਬਣਾਉਣ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਐਮਰਜੈਂਸੀ ਦੌਰਾਨ ਪਹਿਲੇ 24 ਘੰਟੇ ਸਿਹਤ ਸੇਵਾਵਾਂ ਬਿਲਕੁਲ ਮੁਫਤ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਸੇਵਾਵਾਂ ਦਾ ਲੋੜਵੰਦ ਮਰੀਜ਼ਾਂ ਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ । ਉਹਨਾਂ ਐਮਰਜੈਂਸੀ ਸਟਾਫ ਨੂੰ ਹਦਾਇਤ ਕੀਤੀ ਕੀ ਉਹ ਐਮਰਜੈਂਸੀ ਵਿੱਚ ਆਏ ਮਰੀਜ਼ਾਂ ਦਾ ਪੂਰਾ ਖਿਆਲ ਰੱਖਣ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ। ਇਸ ਮੌਕੇ ਤੇ ਉਹਨਾਂ ਐਮਰਜੈਂਸੀ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ  ਗੱਲ-ਬਾਤ ਕੀਤੀ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਅਤੇ ਤਸੱਲੀ ਪ੍ਰਗਟ ਕੀਤੀ। ਇਸ ਮੌਕੇ ਤੇ ਜਿਲਾ ਹਸਪਤਾਲ ਵਿੱਚ ਕੁੱਤੇ ਦੇ ਕੱਟੇ ਹੋਏ ਦਾਖਲ ਮਰੀਜ਼ਾਂ ਨਾਲ ਵੀ ਗੱਲਬਾਤ ਕਰਕੇ ਉਹਨਾਂ ਮਰੀਜ਼ਾਂ ਨੂੰ ਐਂਟੀ ਰੇਬੀਜ਼ ਵੈਕਸੀਨ ਤੁਰੰਤ ਦਿੱਤੀ ਗਈ ਹੈ ਜਾਂ ਨਹੀ ਬਾਰੇ ਵੀ ਜਾਣਕਾਰੀ ਹਾਸਿਲ ਕਰਕੇ ਤਸੱਲੀ ਪ੍ਰਗਟ ਕੀਤੀ। ਇਸ ਚੈਕਿੰਗ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਜੀ ਵੱਲੋਂ ਕੀਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।