ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿਖੇ ਸਿਹਤ ਸਹੂਲਤਾਂ ਵਿਚ ਹੋਇਆ ਵਾਧਾ

  • ਸਿਹਤ ਵਿਭਾਗ ਵੱਲੋਂ 8 ਫਾਰਮਾਸਿਸਟਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ

ਫਾਜ਼ਿਲਕਾ 5 ਸਤੰਬਰ : ਆਮ ਆਦਮੀ ਕਲੀਨਿਕ ਰਾਹੀਂ ਸਿਹਤ ਸੁਵਿਧਾ ਦੇਣ ਲਈ ਪੰਜਾਬ ਸਰਕਾਰ ਪੂਰੀ ਤਰਾ ਗੰਭੀਰ ਹੈ, ਇਸੇ ਤਹਿਤ ਹੀ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਜਿਲ੍ਹੇ ਦੇ ਦੇ ਲੋਕਾਂ ਨੂੰ ਲਗਾਤਾਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੇਂਡੂ ਅਤੇ ਸ਼ਹਰੀ ਖੇਤਰ ਦੇ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪ੍ਰਕਿਰਿਆ ਵੀ ਜਾਰੀ ਹੈ। ਸਿਹਤ ਵਿਭਾਗ ਵਿਚ ਲੋਕਾਂ ਲਈ  ਸਿਹਤ ਸਹੂਲਤਾਂ ਨੂੰ ਹੋਰ ਬਿਹਤਰ  ਕਰਨ ਲਈ  8 ਫਾਰਮਾਸਿਸਟ ਨੂੰ ਆਮ ਆਦਮੀ ਕਲੀਨਿਕ ਲਈ ਭਰਤੀ ਕੀਤਾ ਗਿਆ ਹੈ ਜਿਨ੍ਹਾਂ ਦੇ ਬੀਤੇ ਦਿਨ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਸੀ ਅਤੇ ਭਰਤੀ ਪਰਕ੍ਰਿਆ ਇੰਟਰਵਿਊ ਰਾਹੀਂ ਪੂਰੀ ਕੀਤੀ ਗਈ ਹੈ। ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ, ਡਾ. ਸੁਨੀਤਾ ਕੰਬੋਜ ਅਤੇ ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ ਨੇ ਦਫਤਰ ਸਿਵਲ ਸਰਜਨ ਵਿਖੇ  8 ਫਾਰਮਾਸਿਸਟ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ।  ਇਨ੍ਹਾਂ ਨਵ ਨਿਯੁਕਤ ਫਾਰਮਾਸਿਸਟ ਦੀ ਸਿਹਤ ਜਾਂਚ ਤੋਂ ਬਾਅਦ ਜੁਆਇਨਿੰਗ ਹੋਵੇਗੀ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਅਤੇ ਸਹਿਰੀ ਖੇਤਰ ਵਿਖੇ ਕੁਲ 23 ਆਮ ਆਦਮੀ ਕਲੀਨਿਕ  ਸਫਲਤਾ ਪੂਰਵਕ ਚੱਲ ਰਹੇ ਹਨ । ਇਨ੍ਹਾਂ ਵਿੱਚ ਲੋਕਾਂ ਦੇ ਮੁਫ਼ਤ ਲੈਬ ਟੈਸਟ ਅਤੇ ਦਵਾਈਆਂ ਦੇ ਨਾਲ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਉੱਚ ਅਧਿਕਰੀਆਂ ਤੋਂ ਮਿਲੀ ਹਦਾਇਤਾਂ ਮੁਤਾਬਕ ਕਲੀਨਿਕ ਵਿਖੇ ਕੰਮ ਕਰਨ ਲਈ ਸੂਚੀ ਬੱਧ ਕਰਮਚਾਰੀਆ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਫਾਰਮਾਸਿਸਟ ਪੋਸਟ ਲਈ ਉਮੀਦਵਾਰਾਂ ਦੇ ਦਸਤਾਵੇਜ਼ ਚੈਕ ਕਰਕੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਕਲੀਨਿਕ ਵਿਖੇ ਕੁਆਲਿਟੀ ਸਿਹਤ ਸੁਵਿਧਾ ਦੇਣ ਲਈ ਵਿਭਾਗ ਵਚਨਬੱਧ ਹੈ।  ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੂਏ ਸਰਕਾਰ ਵਲੋ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਇੰਟਰਵਿਊ ਰਾਹੀਂ ਫਾਰਮਾਸਿਸਟ  ਦੀ ਭਰਤੀ ਕੀਤੀ ਗਈ ਹੈ ਜਿਸ ਵਿਚ ਇੰਟਰਵਿਊ ਪੈਨਲ ਨੇ ਅੱਜ 8 ਉਮੀਦਵਾਰਾਂ ਨੂੰ ਸਲੈਕਟ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਨਿਯੁਕਤੀ ਸਿਹਤ ਸਹੂਲਤਾਂ ਵਿਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਪੇਂਡੂ ਖੇਤਰ ਵਿਖੇ ਬਣੇ ਆਮ ਆਦਮੀ ਕਲੀਨਿਕ ਵਿਖੇ ਤੈਨਾਤੀ ਕਾਰਨ  ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਇਸਦਾ ਫਾਇਦਾ ਮਿਲੇਗਾ। ਇਸ ਮੌਕੇ ਡਾ. ਕਵਿਤਾ ਸਿੰਘ ਨੇ ਨਵ ਨਿਯੁਕਤ ਫਾਰਮਾਸਿਸਟਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਹਦਾਇਤ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਨਾਲ ਨਰਮੀ ਨਾਲ ਵਤੀਰਾ ਅਪਣਾਉਣ ਅਤੇ ਲੋਕਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਮੈਡੀਕਲ ਅਫ਼ਸਰ ਡਾਕਟਰ ਆਸਿਮ ਮੈਨੀ , ਮਾਸ ਮੀਡੀਆ ਵਿੰਗ ਤੋ  ਹਰਮੀਤ ਸਿੰਘ , ਦਿਵੇਸ਼ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਅਕਾਸ਼ ਕੁਮਾਰ ਕੰਬੋਜ  ਹਾਜਰ ਸਨ ।