ਫਾਜਿ਼ਲਕਾ, 10 ਅਕਤੂਬਰ : ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੇ ਯਤਨਾਂ ਨੂੰ ਬੂਰ ਪਿਆ ਹੈ। ਹਲਕੇ ਦੇ ਪਿੰਡ ਮੁਹਾਰ ਸੋਨਾ ਦੇ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨਿਅਰ ਸੈਕੰਡਰੀ ਕਰਨ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਹੈ। ਇਸ ਲਈ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਲਾਕੇ ਦੇ ਇਹ ਵੱਡੀ ਮੰਗ ਸੀ ਅਤੇ ਉਨ੍ਹਾਂ ਨੇ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਸੀ ਜਿਸ ਤੇ ਕਾਰਵਾਈ ਕਰਦਿਆਂ ਸਰਕਾਰ ਨੇ ਸਕੂਲ ਨੂੰ ਅਪਗ੍ਰੇਡ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਸਿੱਖਿਆ ਅਤੇ ਸਿਹਤ ਤਰਜੀਹ ਹਨ ਅਤੇ ਇਸੇ ਲਈ ਸੂਬਾ ਸਰਕਾਰ ਵੱਲੋਂ ਰਾਜ ਵਿਚ ਜਿੱਥੇ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ ਉਥੇ ਹੀ ਸਕੂਲਾਂ ਦਾ ਬੁਨਿਆਦੀ .ਢਾਂਚਾ ਮਜਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਵੀ ਸਰਕਾਰ ਨੇ ਪੂਰੀ ਕੀਤੀ ਹੈ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਰਹੱਦੀ ਜਿ਼ਲ੍ਹੇ ਦੇ ਲੋਕਾਂ ਦੀ ਕਈ ਸਾਲਾਂ ਤੋਂ ਸਕੂਲ ਅਪਗ੍ਰੇਡ ਕਰਨ ਦੀ ਮੰਗ ਸੀ ਪਰ ਕਿਸੇ ਵੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਹੁਣ ਨਾਲ ਕੇਵਲ ਸਕੂਲ ਅਪਗ੍ਰੇਡ ਕੀਤਾ ਹੈ ਸਗੋਂ ਇੱਥੇ ਨਾਲ ਹੀ ਨਵੀਂਆਂ ਅਸਾਮੀਆਂ ਦੀ ਵੀ ਮੰਜੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਰੱਹਦੀ ਇਲਾਕੇ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਉਹ ਚੰਗੀ ਸਿੱਖਿਆ ਪ੍ਰਾਪਤ ਕਰਣਗੇ। ਵਿਧਾਇਕ ਨੇ ਇਸ ਪ੍ਰਾਪਤੀ ਲਈ ਪਿੰਡ ਮੁਹਾਰ ਸੋਨਾ ਅਤੇ ਇਸਦੇ ਆਸਪਾਸ ਦੇ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੀ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਸਾਡੇ ਬੱਚੇ ਪੜ੍ਹਨਗੇ ਤਾਂ ਉਹ ਸਮਾਜ ਵਿਚ ਤਰੱਕੀ ਕਰਕੇ ਨਵੀਂਆਂ ਮੰਜਿਲਾਂ ਸਰ ਕਰਣਗੇ।