ਬਰਨਾਲਾ, 21 ਜੂਨ : ਜ਼ਿਲ੍ਹਾ ਬਰਨਾਲਾ ਵਿੱਚ ਲੋਕਾਂ ਨੂੰ ਸਾਫ਼ ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਉਣ ਅਤੇ ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟ ਖੋਰੀ ਨੂੰ ਰੋਕਣ ਲਈ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਜਸਪ੍ਰੀਤ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਵਿੱਚ ਸਿਹਤ ਟੀਮ ਬਰਨਾਲਾ ਵੱਲੋਂ ਸ਼ਹਿਰ ਵਿੱਚ ਵਿਕ ਰਹੀਆਂ ਖਾਣ ਪੀਣ ਦੀਆ ਵਸਤਾਂ ਦੇ ਸੈਂਪਲ ਭਰੇ ਗਏ। ਡਾ ਜਸਪ੍ਰੀਤ ਸਿੰਘ ਗਿੱਲ ਜ਼ਿਲ੍ਹਾ ਸਿਹਤ ਅਫਸਰ ਬਰਨਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸੇਖਾ ਕੈਂਚੀਆਂ, ਹੰਡਿਆਇਆ, ਬਡਬਰ ਅਤੇ ਸ਼ਹਿਰ ਬਰਨਾਲਾ ਦੇ ਵੱਖ ਵੱਖ ਬਜ਼ਾਰਾਂ ਵਿੱਚ ਫੂਡ ਸੈਂਪਲਿੰਗ ਕੀਤੀ ਗਈ । ਸੈਂਪਲਿੰਗ ਦੌਰਾਨ ੳਨ੍ਹਾਂ ਵੱਲੋ ਚਾਰ ਦੁੱਧ, ਦੋ ਦੇਸੀ ਘਿਓ, ਪਨੀਰ, ਮਿੱਠੀ ਲੱਸੀ, ਕੁਲਫ਼ੀ ਆਦਿ ਦੇ ਕੁੱਲ ਨੌਂ ਸੈਂਪਲ ਲਏ ਗਏ ਹਨ। ਫੂਡ ਸੇਫਟੀ ਅਫਸਰ ਬਰਨਾਲਾ ਨੇ ਦੱਸਿਆ ਕਿ ਭਰੇ ਗਏ ਇਨ੍ਹਾਂ ਸੈਂਪਲਾਂ ਨੂੰ ਲੈਬਾਰਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖ਼ਿਲਾਫ਼ ਫੂਡ ਸੇਫ਼ਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰਾਂ ਵੱਲੋਂ ਦੁਕਾਨਦਾਰਾਂ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿੱਕਰੀ ਸਮੇਂ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਫੂਡ ਲਾਈਸੈਂਸ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਸੰਬੰਧੀ ਹਦਾਇਤ ਵੀ ਕੀਤੀ ਗਈ ।