- ਸਹਾਇਕ ਕਮਿਸ਼ਨਰ-ਕਮ-ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਵੀ ਕੀਤਾ ਨੌਜਵਾਨਾਂ ਨੂੰ ਸੰਬੋਧਨ
- ਕਿਹਾ ! ਵੋਟ ਫੀਸਦੀ ਵਧਾਉਣ ਵਿੱਚ ਨੌਜਵਾਨ ਪਾਉਣ ਆਪਣਾ ਅਹਿਮ ਯੋਗਦਾਨ
ਮੋਗਾ, 12 ਅਪ੍ਰੈਲ : ਜ਼ਿਲ੍ਹਾ ਮੋਗਾ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਨੂੰ ਜਾਰੀ ਰਖਦੇ ਹੋਏ ਅੱਜ ਹਲਕਾ ਧਰਮਕੋਟ ਵਿੱਚ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਗਏ ਸਵੀਪ ਆਈਕਾਨ ਗੁਰਵਿੰਦਰ ਸਿੰਘ ਗਿੱਲ ਰੌਂਤਾ ਨਾਲ ਨੌਜਵਾਨ ਵਿਦਿਆਰਥੀਆਂ ਨੂੰ ਰੂਬਰੂ ਕਰਵਾਇਆ ਗਿਆ। ਉਹਨਾਂ ਨੂੰ ਮਿਲਣ ਅਤੇ ਸੁਣਨ ਲਈ ਨੌਜਵਾਨ ਲੜਕੇ-ਲੜਕੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਆਪਣੇ ਰੂਬਰੂ ਦੌਰਾਨ ਗਿੱਲ ਰੌਂਤਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੀ ਵੋਟ ਹਾਲੇ ਵੀ ਨਹੀਂ ਬਣੀ ਅਤੇ ਉਨ੍ਹਾਂ ਨੇ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਤਾਂ 4 ਮਈ 2024 ਤੱਕ ਬਣਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੋਟ ਹੀ ਸਾਡਾ ਮੁੱਢਲਾ ਅਧਿਕਾਰ ਹੈ ਅਤੇ ਇਸਦਾ ਇਸਤੇਮਾਲ ਵੀ ਬਹੁਤ ਹੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਲਈ ਮਿਤੀ 01 ਜੂਨ 2024 ਨੂੰ ਵੋਟਾਂ ਪੈਣੀਆਂ ਨੇ ਤੇ ਅਸੀਂ ਸਾਰਿਆਂ ਨੇ ਵੋਟ ਪਾਉਣੀ ਹੈ ਅਤੇ ਆਪਣੇ ਪਰਿਵਾਰ ਦੀਆਂ ਵੋਟਾਂ ਵੀ ਜਰੂਰ ਪਵਾਉਣੀਆਂ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਿਫਾਰਿਸ਼ 'ਤੇ ਗੀਤ ਅਤੇ ਸ਼ੇਅਰ ਵੀ ਸੁਣਾਏ। ਇਸ ਸਮੇਂ ਸਹਾਇਕ ਕਮਿਸ਼ਨਰ ਜਨਰਲ ਕਮ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਨੇ ਨੌਜਵਾਨਾਂ ਨੂੰ ਦੱਸਿਆ ਕਿ ਉਹ ਆਪਣੇ ਸਵੀਪ ਆਇਕਨ ਗਿੱਲ ਰੌਂਤਾ ਵੱਲੋਂ ਕਹੀਆਂ ਗੱਲਾਂ ਉੱਪਰ ਜ਼ਰੂਰ ਗੌਰ ਕਰਨ ਅਤੇ ਵੋਟ ਫੀਸਦੀ ਵਧਾਉਣ ਵਿੱਚ ਨੌਜਵਾਨ ਆਪਣਾ ਅਹਿਮ ਯੋਗਦਾਨ ਜਰੂਰ ਪਾਉਣ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਲਈ ਵੋਟਾਂ ਵਾਲੇ ਦਿਨ ਜਰੂਰ ਬੂਥ ਤੇ ਪਹੁੰਚੋ ਅਤੇ ਆਪਣੇ ਅਧਿਕਾਰ ਦਾ ਇਸਤੇਮਾਲ ਜਰੂਰ ਕਰੋ। ਇਸ ਸਮੇਂ ਜ਼ਿਲ੍ਹਾ ਸਹਾਇਕ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਕਿਹਾ ਕਿ ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਿਆ ਜਾ ਸਕਦਾ ਹੈ। ਇਹ ਫਾਰਮ ਆਫਲਾਈਨ ਆਪਣੇ ਬੀ ਐਲ ਓ ਕੋਲੋਂ ਭਰਿਆ ਜਾ ਸਕਦਾ ਹੈ ਤੇ ਇਸ ਫਾਰਮ ਨੂੰ ਆਨਲਾਈਨ ਭਰਨ ਲਈ ਮੋਬਾਈਲ ਵਿੱਚ ਵੋਟਰ ਹੈਲਪ ਲਾਈਨ ਐਪ ਇੰਸਟਾਲ ਕੀਤਾ ਜਾ ਸਕਦਾ ਹੈ। ਇਹ ਐਪ ਕੇਵਲ ਵੋਟ ਬਣਾਉਣ ਲਈ ਹੀ ਨਹੀਂ ਬਲਕਿ ਵੋਟਾਂ ਨਾਲ ਸੰਬੰਧਿਤ ਹੋਰ ਵੀ ਕੰਮ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗ ਵੋਟਰ ਆਪਣੀ ਵੋਟ ਅਧਿਕਾਰ ਸਬੰਧੀ ਜਾਂ ਵੋਟਾਂ ਵਾਲੇ ਦਿਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਨ ਲਈ ਸਕਸ਼ਮ ਐਪ ਦੀ ਵਰਤੋਂ ਕਰ ਸਕਦੇ ਹਨ। ਚੋਣ ਜ਼ਾਬਤਾ ਦੀ ਉਲੰਘਣਾ ਮੋਬਾਈਲ ਦੇ ਸੀ ਵਿਜਿਲ ਐਪ ਰਾਹੀਂ ਸ਼ਿਕਾਇਤ ਕੀਤੀ ਜਾ ਸਕਦੀ ਹੈ। ਹੈਲਪਲਾਈਨ ਨੰਬਰ 1950 ਵੀ ਇਹਨਾਂ ਸਾਰੀਆਂ ਸਹੂਲਤਾਂ ਬਾਰੇ ਜਾਣਨ ਲਈ ਅਤੇ ਸ਼ਿਕਾਇਤ ਲਈ ਵਰਤਿਆ ਜਾ ਸਕਦਾ ਹੈ। ਸਾਬਕਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਈ ਵੀ ਐਮ ਬਾਰੇ ਫੈਲਾਏ ਜਾ ਰਹੇ ਭਰਮ ਗ਼ਲਤ ਨੇ। ਇਸ ਬਿਲਕੁਲ ਠੀਕ ਕੰਮ ਕਰਦੀ ਹੈ ਅਤੇ ਇਸ ਰਾਹੀਂ ਕਿਸੇ ਕਿਸਮ ਦੀ ਹੇਰਾਫੇਰੀ ਸੰਭਵ ਨਹੀਂ ਹੈ। ਇਸ ਮਸ਼ੀਨ ਨਾਲ ਵੀ ਵੀ ਪੈਟ ਮਸ਼ੀਨ ਵੀ ਲਗਦੀ ਹੈ ਜਿਸ ਉਪਰ ਅਸੀਂ ਉਸਦੀ ਫੋਟੋ ਅਤੇ ਨਿਸ਼ਾਨ ਵੀ ਦੇਖ ਸਕਦੇ ਹਾਂ ਜਿਸਨੂੰ ਅਸੀਂ ਆਪਣੀ ਵੋਟ ਪਾਈ ਹੈ। ਇਸ ਸਮੇ ਤਹਿਸੀਲਦਾਰ ਧਰਮਕੋਟ ਰੇਸ਼ਮ ਸਿੰਘ, ਧਰਮਕੋਟ ਹਲਕਾ ਸਵੀਪ ਨੋਡਲ ਅਫ਼ਸਰ ਪਰਮਿੰਦਰ ਸਿੰਘ, ਕਾਲਜ ਇੰਚਾਰਜ ਰਾਜੀਵ ਕੁਮਾਰ, ਸਮੂਹ ਸਟਾਫ਼ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।