- ਜਗਦੀਪ ਸਿੰਘ ਨਕੱਈ ਅਤੇ ਸ਼ਹਿਰੀਆਂ ਨੇ ਕੀਤਾ ਭਰਵਾਂ ਸਵਾਗਤ,
- ਬੰਦ ਗੱਡੀਆਂ ਵੀ ਛੇਤੀ ਸ਼ੁਰੂ ਕਰਵਾਵਾਂਗੇ : ਨਕੱਈ
ਮਾਨਸਾ, 7 ਅਗਸਤ : ਅੱਜ ਤੋਂ ਸੁਪਰਫਾਸਟ ਬਠਿੰਡਾ ਦਿੱਲੀ ਐਕਸਪ੍ਰੈਸ ਦਾ ਮਾਨਸਾ ਸਟੇਸ਼ਨ ਤੇ ਰੁਕਣਾ ਸ਼ੁਰੂ ਹੋ ਗਿਆ ਹੈ।ਪਹਿਲਾਂ ਇਹ ਸੁਪਰਫਾਸਟ ਐਕਸਪ੍ਰੈਸ ਦਿੱਲੀ ਤੋਂ ਚੱਲ ਕੇ ਜਾਖਲ ਹੁੰਦੀ ਹੋਈ ਸਿੱਧਾ ਬਠਿੰਡਾ ਜਾ ਕੇ ਰੁਕਦੀ ਸੀ। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੂੰ ਮਿਲ ਕੇ ਸ਼ਹਿਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਮੰਗ ਕੀਤੀ ਸੀ ਕਿ ਇਸ ਗੱਡੀ ਦਾ ਠਹਿਰਾਓ ਮਾਨਸਾ ਸਟੇਸ਼ਨ ਤੇ ਕੀਤਾ ਜਾਵੇ। ਜਗਦੀਪ ਨਕੱਈ ਨੇ ਕੇਂਦਰ ਸਰਕਾਰ ਅਤੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲਬਾਤ ਕਰਕੇ ਇਹ ਮੰਗ ਰੱਖੀ। ਜਿਸ ਤੋਂ ਬਾਅਦ ਸੋਮਵਾਰ ਤੋਂ ਸੁਪਰਫਾਸਟ ਬਠਿੰਡਾ ਦਿੱਲੀ ਐਕਸਪ੍ਰੈਸ ਦਾ ਮਾਨਸਾ ਠਹਿਰਾਓ ਸ਼ੁਰੂ ਹੋ ਗਿਆ ਹੈ। ਅੱਜ ਜਦੋਂ ਇਹ ਗੱਡੀ ਬਠਿੰਡਾ ਜਾਂਦੇ ਸਮੇਂ ਮਾਨਸਾ ਸਟੇਸ਼ਨ ਤੇ ਰੁਕੀ ਤਾਂ ਜਗਦੀਪ ਸਿੰਘ ਨਕੱਈ ਸਮੇਤ ਸ਼ਹਿਰੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਗੱਡੀ ਦੇ ਡਰਾਈਵਰ ਦਾ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ। ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਮਾਨਸਾ ਸਟੇਸ਼ਨ ਦੇ ਨਵੀਨੀਕਰਨ ਅਤੇ ਸੁਪਰਫਾਸਟ ਗੱਡੀਆਂ ਦੇ ਠਹਿਰਾਓ ਨਾਲ ਇੱਥੋਂ ਦੀ ਕਾਰੋਬਾਰੀ ਹੱਬ ਹੋਰ ਮਜਬੂਤ ਹੋਵੇਗੀ। ਇਸ ਗੱਡੀ ਦੇ ਰੁਕਣ ਨਾਲ ਹਰ ਖੇਤਰ ਦੇ ਕਾਰੋਬਾਰੀ, ਸ਼ਹਿਰੀਆਂ ਅਤੇ ਵਿਦੇਸ਼ੀ ਵਿਅਕਤੀਆਂ ਨੂੰ ਵੀ ਆਉਣ ਜਾਣ ਵਿਚ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਡੀਆਂ ਬੰਦ ਪਈਆਂ ਹਨ, ਉਨ੍ਹਾਂ ਨੂੰ ਵੀ ਛੇਤੀ ਹੀ ਸ਼ੁਰੂ ਕਰਵਾਇਆ ਜਾਵੇਗਾ। ਇਸ ਸਬੰਧੀ ਵੀ ਰੇਲਵੇ ਵਿਭਾਗ ਨਾਲ ਗੱਲਬਾਤ ਚੱਲਦੀ ਹੈ। ਉਨ੍ਹਾਂ ਕਿਹਾ ਕਿ ਮਾਲ ਪਲੇਟੀ ਬਾਹਰ ਕੱਢਣ ਨੂੰ ਲੈ ਕੇ ਵੀ ਰੇਲਵੇ ਵਿਭਾਗ ਨਾਲ ਗੱਲਬਾਤ ਹੋ ਰਹੀ ਹੈ। ਸ਼ਹਿਰੀਆਂ ਨੇ ਭਾਜਪਾ ਆਗੂ ਜਗਦੀਪ ਸਿੰਘ ਨਕੱਈ ਦਾ ਧੰਨਵਾਦ ਕਰਕੇ ਖੁਸ਼ੀ ਮਨਾਈ ਅਤੇ ਉਨ੍ਹਾਂ ਅੱਗੇ ਹੋਰ ਵੀ ਛੋਟੀਆਂ ਮੋਟੀਆਂ ਮੰਗਾਂ ਰੱਖੀਆਂ। ਇਹ ਗੱਡੀ ਜਾਖਲ ਤੋਂ ਮਾਨਸਾ ਆਉਂਦੀ ਹੋਈ ਮਾਨਸਾ ਸਟੇਸ਼ਨ ਤੇ ਸਵੇਰੇ 11:20 ਵਜੇ ਅਤੇ ਸ਼ਾਮ ਨੂੰ ਬਠਿੰਡਾ ਤੋਂ ਮਾਨਸਾ 4.20 ਤੇ ਪੁੱਜੇਗੀ। ਇਸ ਮੌਕੇ ਸਟੇਸ਼ਨ ਮਾਸਟਰ ਆਰ.ਐਸ. ਮੀਨਾ, ਰੇਲਵੇ ਪੁਲਸ ਚੌਂਕੀ ਇੰਚਾਰਜ ਜਗਜੀਤ ਸਿੰਘ, ਭਾਜਪਾ ਦੇ ਜ਼ਿਲਾ ਪ੍ਰਧਾਨ ਰਕੇਸ਼ ਜੈਨ, ਮੱਖਣ ਲਾਲ, ਵਿਨੋਦ ਕਾਲੀ, ਮੰਜੂ ਮਿੱਤਲ, ਡਾ. ਜਨਕ ਰਾਜ ਸਿੰਗਲਾ, ਵਿਨੋਦ ਭੰਮਾ, ਜਗਜੀਤ ਸਿੰਘ ਮਿਲਖਾ, ਬਲਵਿੰਦਰ ਬਾਂਸਲ, ਅਸ਼ੋਕ ਬਾਂਸਲ, ਸੁਰਿੰਦਰ ਪਿੰਟਾ, ਸੰਜੀਵ ਬੌਬੀ, ਲਖਵਿੰਦਰ ਮੂਸਾ, ਰਜੇਸ਼ ਪੰਧੇਰ, ਰੋਹਿਤ ਬਾਂਸਲ, ਬਿੱਕਰ ਸਿੰਘ ਮਘਾਣੀਆ, ਪ੍ਰੇਮ ਅਗਰਵਾਲ, ਗੁਰਚਰਨ ਸਿੰਘ ਮਾਸਟਰ ਅਕਲੀਆ, ਆਦਿ ਸ਼ਹਿਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।