ਕੋਟਕਪੂਰਾ, 13 ਜੂਨ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵਾਲਾ ਉਪਰਾਲਾ ਪ੍ਰਸੰਸਾਯੋਗ ਹੈ। ਜਥੇਬੰਦੀ ਦੇ ਸਥਾਨਕ ਸਿੱਖਾਂਵਾਲਾ ਸੜਕ ’ਤੇ ਸਥਿੱਤ ਜੋਨਲ ਦਫਤਰ ਵਿਖੇ ਉਚੇਚੇ ਤੌਰ ’ਤੇ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਵਿਦਿਅਕ ਅਤੇ ਧਾਰਮਿਕ ਅਦਾਰਿਆਂ ਰਾਹੀਂ ਬੱਚਿਆਂ ਤੇ ਨੌਜਵਾਨਾ ਨੂੰ ਸਮਾਜਿਕ ਕੁਰੀਤੀਆਂ ਤੋਂ ਵਰਜ ਕੇ ਨੈਤਿਕਤਾ ਦਾ ਪਾਠ ਪੜਾਉਣ ਦੇ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਪਰ ਫਿਰ ਵੀ ਭਾਰੂ ਹੋ ਰਹੀਆਂ ਸਮਾਜਿਕ ਕੁਰੀਤੀਆਂ ਚਿੰਤਾ ਦਾ ਵਿਸ਼ਾ ਹੈ। ਉਹਨਾ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਲਈ ਜਥੇਬੰਦੀ ਨੂੰ ਇਕ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਆਖਿਆ ਕਿ ਜੇਕਰ ਜਥੇਬੰਦੀ ਨੂੰ ਬਿਨਾ ਆਵਾਜ ਵਾਲਾ ਵੱਡਾ ਜਨਰੇਟਰ ਚਾਹੀਦਾ ਹੈ ਤਾਂ ਉਸ ਲਈ ਵੀ ਗਰਾਂਟ ਵੱਖਰੇ ਤੌਰ ’ਤੇ ਦਿੱਤੀ ਜਾਵੇਗੀ। ਡਾ. ਅਵੀਨਿੰਦਰਪਾਲ ਸਿੰਘ ਨੇ ਸਪੀਕਰ ਸੰਧਵਾਂ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਬੱਚਿਆਂ ਦੀਆਂ ਜੂਨ ਦੀਆਂ ਛੁੱਟੀਆਂ ਦੇ ਮੱਦੇਨਜਰ ਹਰ ਸਾਲ ਜਥੇਬੰਦੀ ਵਲੋਂ ਗਿਆਨ ਅੰਜਨੁ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਬੱਚਿਆਂ ਨੂੰ ਵੱਖ-ਵੱਖ ਤਰਾਂ ਦੀਆਂ ਉਸਾਰੂ ਗਤੀਵਿਧੀਆਂ ਰਾਹੀ ਚੰਗੀ ਸੋਚ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਂਦਾ ਹੈ। ਨਵਨੀਤ ਸਿੰਘ ਅਤੇ ਜਗਮੋਹਨ ਸਿੰਘ ਨੇ ਜਥੇਬੰਦੀ ਦੇ ਅਗਲੇਰੇ ਸੇਵਾ ਕਾਰਜਾਂ ਤੋਂ ਜਾਣੂ ਕਰਵਾਇਆ। ਅੰਤ ਵਿੱਚ ਰਣਜੀਤ ਸਿੰਘ ਖੱਚੜਾਂ ਜੋਨਲ ਪ੍ਰਧਾਨ ਦੀ ਅਗਵਾਈ ਵਿੱਚ ਸਪੀਕਰ ਸੰਧਵਾਂ ਨੂੰ ਸਿਰੋਪਾਉ ਅਤੇ ਧਾਰਮਿਕ ਕਿਤਾਬਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।