ਲੁਧਿਆਣਾ 18 ਮਾਰਚ : ਬੀਤੇ ਦਿਨੀਂ ਪੀ.ਏ.ਯੂ. ਵਿਖੇ ਲੱਗੇ ਕਿਸਾਨ ਮੇਲੇ ਦੌਰਾਨ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਥਨੀ ਐਕੀਆਵਾਟੀ ਦੀ ਅਗਵਾਈ ਵਿਚ 13 ਵਿਦਿਆਰਥੀਆਂ ਦੇ ਇਕ ਵਫਦ ਨੇ ਪੀ.ਏ.ਯੂ. ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ| ਇਸ ਦੌਰਾਨ ਇਸ ਵਫਦ ਨੇ ਹਰੀ ਕ੍ਰਾਂਤੀ ਤੋਂ ਇਲਾਵਾ ਖੇਤੀ ਦੇ ਇਤਿਹਾਸ ਵਿਚ ਪੀ.ਏ.ਯੂ. ਵੱਲੋਂ ਪਾਏ ਯੋਗਦਾਨ ਨੂੰ ਜਾਣਿਆ| ਵਿਦਿਆਰਥੀਆਂ ਦੇ ਇਸ ਵਫਦ ਨੇ ਪੀ.ਏ.ਯੂ. ਦੀ ਕਾਰਜਸ਼ੈਲੀ ਤੋਂ ਇਲਾਵਾ ਪ੍ਰਦਰਸ਼ਨੀਆਂ, ਅਜਾਇਬ ਘਰਾਂ ਅਤੇ ਕਿਸਾਨ ਮੇਲੇ ਨੂੰ ਦੇਖਦਿਆਂ ਕਿਸਾਨਾਂ ਅਤੇ ਮਾਹਿਰਾਂ ਦੇ ਆਪਸੀ ਸੰਬੰਧਾਂ ਬਾਰੇ ਨਵੇਂ ਤਜਰਬੇ ਹਾਸਲ ਕੀਤਾ| ਇਸ ਵਫਦ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਖੋਜ, ਅਧਿਆਪਨ ਅਤੇ ਪਸਾਰ ਸੰਬੰਧੀ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਹਰੀ ਕ੍ਰਾਂਤੀ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਦੇਸ਼ ਨੂੰ ਭੋਜਨ ਦੀ ਕਮੀ ਤੋਂ ਵਾਧੂ ਅੰਨ ਭੰਡਾਰਾਂ ਵੱਲ ਲੈ ਜਾਣ ਲਈ ਯੂਨੀਵਰਸਿਟੀ ਮਾਹਿਰਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਮਿਲ ਕੇ ਇਤਿਹਾਸਕ ਕਾਰਜ ਕੀਤਾ| ਇਸ ਨਾਲ ਨਾ ਸਿਰਫ ਨਵੀਆਂ ਖੇਤੀ ਤਕਨਾਲੋਜੀਆਂ ਦੇ ਲਾਗੂ ਹੋਣ ਦਾ ਵਾਤਾਵਰਨ ਪੈਦਾ ਹੋਇਆ ਬਲਕਿ ਪੰਜਾਬ ਦੇ ਕਿਸਾਨਾਂ ਨੂੰ ਆਰਥਿਕ ਖੁਸ਼ਹਾਲੀ ਵੱਲ ਵੀ ਤੋਰਿਆ ਜਾ ਸਕਿਆ| ਡਾ. ਗੋਸਲ ਨੇ ਭਵਿੱਖ ਵਿਚ ਪੀ.ਏ.ਯੂ. ਵੱਲੋਂ ਖੇਤੀ ਸੰਬੰਧੀ ਕੀਤੀ ਜਾਣ ਵਾਲੀ ਖੋਜ ਦਾ ਜ਼ਿਕਰ ਕਰਦਿਆਂ ਵਾਤਾਵਰਨ ਪੱਖੀ ਤਕਨੀਕਾਂ, ਜੀਨੋਮ ਸੰਪਾਦਨ, ਸਪੀਡ ਬਰੀਡਿੰਗ, ਮੌਲੀਕਿਊਲਰ ਅਤੇ ਨਵੀਆਂ ਖੇਤੀ ਵਿਧੀਆਂ ਵਿਚ ਭੂਮੀ ਦੀ ਸਿਹਤ ਸੰਭਾਲ, ਮਸ਼ੀਨੀ ਬੌਧਿਕਤਾ, ਸੂਚਨਾ ਸੰਚਾਰ ਅਧਾਰਿਤ ਤਕਾਨਲੋਜੀਆਂ ਆਦਿ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਉਤਪਾਦਕਤਾ ਦੇ ਨਾਲ-ਨਾਲ ਪੌਸ਼ਕਤਾ ਵੱਲ ਧਿਆਨ ਦੇ ਕੇ ਯੂਨੀਵਰਸਿਟੀ ਖੋਜ ਕਰਨ ਲਈ ਯਤਨਸ਼ੀਲ ਹੈ| ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਵਿਦੇਸ਼ੀ ਵਫਦ ਸਾਹਮਣੇ ਯੂਨੀਵਰਸਿਟੀ ਦੀ ਸਮਰੱਥਾ ਦਾ ਵਿਸਥਾਰ ਨਾਲ ਪੱਖ ਪੇਸ਼ ਕੀਤਾ| ਉਹਨਾਂ ਕਿਹਾ ਕਿ ਇਹ ਸੰਸਥਾ ਆਪਣੇ ਬਿਹਤਰੀਨ ਕਾਰਜ ਕਰਕੇ ਭਾਰਤ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੈ| ਕਿਸਾਨਾਂ ਅਤੇ ਮਾਹਿਰਾਂ ਦੇ ਨੇੜਲੇ ਸੰਬੰਧ, ਉੱਚ ਪੱਧਰੀ ਪਸਾਰ ਢਾਂਚੇ, ਅਕਾਦਮਿਕ ਪੱਖ ਤੋਂ ਸ਼ੇ੍ਰਸਟ ਸਹੂਲਤਾਂ ਬਾਰੇ ਗੱਲ ਕਰਦਿਆਂ ਡਾ. ਰਿਸ਼ੀਪਾਲ ਸਿੰਘ ਨੇ ਪੀ.ਏ.ਯੂ. ਦੀ ਨਾ ਸਿਰਫ ਪੰਜਾਬ ਨੂੰ ਬਲਕਿ ਉੱਤਰੀ ਭਾਰਤ ਨੂੰ ਦੇਣ ਦਾ ਵਿਸਥਾਰ ਨਾਲ ਹਵਾਲਾ ਦਿੱਤਾ| ਪ੍ਰੋਫੈਸਰ ਐਂਥਨੀ ਨੇ ਇਸ ਮੌਕੇ ਹਰੀ ਕ੍ਰਾਂਤੀ ਦੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਦਿੱਤੇ| ਉਹਨਾਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿਚ ਕਿਸਾਨੀ ਦੇ ਬਦਲਾਅ ਦੀ ਅਜਿਹੀ ਘਟਨਾ ਸ਼ਾਇਦ ਹੀ ਕਦੇ ਵਾਪਰੀ ਹੋਵੇ| ਇਸ ਤੋਂ ਇਲਾਵਾ ਉਹਨਾ ਨੇ ਯੇਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਦਿੱਤੀ| ਉਥੋਂ ਦੀਆਂ ਅਕਾਦਮਿਕ ਗਤੀਵਿਧੀਆਂ ਦੇ ਜ਼ਿਕਰ ਤੋਂ ਇਲਾਵਾ ਪ੍ਰੋਫੈਸਰ ਐਂਥਨੀ ਨੇ ਨਵੇਂ ਯੁੱਗ ਵਿਚ ਯੇਲ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਪੀ.ਏ.ਯੂ. ਨਾਲ ਸਾਂਝ ਦੀ ਇੱਛਾ ਪ੍ਰਗਟਾਈ| ਵਫਦ ਨੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਤੋਂ ਵੱਖ-ਵੱਖ ਸਵਾਲ ਪੁੱਛ ਕੇ ਜਾਣਕਾਰੀ ਹਾਸਲ ਕੀਤੀ| ਇਸ ਸਮਾਰੋਹ ਵਿਚ ਸਵਾਗਤ ਦੇ ਸ਼ਬਦ ਡਾ. ਵਿਸ਼ਾਲ ਬੈਕਟਰ ਨੇ ਕਹੇ ਜਦਕਿ ਸੰਚਾਲਨ ਡਾ. ਜਗਦੀਪ ਸੰਧੂ ਨੇ ਕੀਤਾ|