ਲੁਧਿਆਣਾ 28 ਮਾਰਚ : ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ 'ਬਾਜਰੇ ਦੀ ਉਤਪਾਦਕਤਾ ਅਤੇ ਮੁੱਲ ਵਾਧੇ' 'ਤੇ ਗਲੋਬਲ ਮਿਲਟਸ ਕਾਨਫਰੰਸ ਕਰਵਾਈ ਗਈ। ਸਾਲ 2023 ਨੂੰ ਸੰਸਾਰ ਪੱਧਰ ਤੇ ਮਿਲਟਸ ਸਾਲ ਮਨਾਉਣ ਦਾ ਬੀੜਾ ਚੁੱਕਿਆ ਗਿਆ ਹੈ ਅਤੇ ਇੱਕ ਧਰਤੀ, ਇੱਕ ਪਰਿਵਾਰ, ਇਕ ਭਵਿੱਖ ਦੇ ਉਦੇਸ਼ ਤਹਿਤ ਇਸ ਕਾਨਫਰੰਸ ਨੂੰ ਆਯੋਜਿਤ ਕੀਤਾ ਗਿਆ। ਪੀਏਯੂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ। ਕਾਨਫਰੰਸ ਦਾ ਉਦਘਾਟਨ ਬੀਤੇ ਦਿਨੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੀਤਾ ਸੀ। ਕਾਨਫਰੰਸ ਵਿੱਚ ਬਾਜਰੇ ਦੇ ਉਤਪਾਦਨ, ਪ੍ਰੋਸੈਸਿੰਗ, ਉਤਪਾਦਨ ਸੰਬੰਧੀ ਨੀਤੀ ਬਣਾਉਣ ਬਾਰੇ ਵਿਚਾਰਾਂ ਹੋਈਆਂ। ਇਸ ਤੋਂ ਇਲਾਵਾ ਇਸ ਵਿਚ ਵਿਸ਼ੇ ਨਾਲ ਸਬੰਧਤ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਨੇ ਹਿੱਸਾ ਲਿਆ। ਪੀ ਏ ਯੂ ਦੇ ਮਾਹਿਰਾਂ ਡਾ. ਸਵਿਤਾ ਸ਼ਰਮਾ, ਮੁਖੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਡਾ. ਆਰ.ਐਸ. ਸੋਹੂ, ਡਾ: ਰੁਚਿਕਾ ਭਾਰਦਵਾਜ, ਅਤੇ ਡਾ: ਹਨੂੰਮਾਨ ਬੋਬੜੇ ਦੀ ਅਗਵਾਈ ਹੇਠ ਕਾਨਫਰੰਸ ਵਿੱਚ 32 ਵਿਦਿਆਰਥੀਆਂ ਅਤੇ ਬਾਜਰੇ 'ਤੇ ਕੰਮ ਕਰ ਰਹੇ 4 ਵਿਗਿਆਨੀਆਂ ਦੇ ਸਭ ਤੋਂ ਵੱਡੇ ਦਲ ਨੇ ਪੀਏਯੂ ਦੀ ਨੁਮਾਇੰਦਗੀ ਕੀਤੀ। ਕਾਨਫਰੰਸ ਨੇ ਪੀਏਯੂ ਭਾਗੀਦਾਰਾਂ ਨੂੰ ਬਾਜਰੇ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕਰਨ ਲਈ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕੀਤਾ ਜਿਸ ਨਾਲ ਸੰਸਾਰ ਪੱਧਰ ਤੇ ਭੋਜਨ ਅਤੇ ਪੌਸ਼ਟਿਕ ਸੁਰੱਖਿਆ ਵਿੱਚ ਸੁਧਾਰ ਦੀ ਸੰਭਾਵਨਾ ਹੈ। ਇਸ ਤਰ੍ਹਾਂ ਗਰੀਬੀ ਅਤੇ ਭੁੱਖਮਰੀ ਨੂੰ ਘਟਾਉਣ ਦੀ ਦਿਸ਼ਾ ਵਿਚ ਕਦਮ ਚੁੱਕੇ ਜਾਣਗੇ। ਵਿਦਿਆਰਥੀਆਂ ਨੇ ਨਵੀਨ ਵਿਚਾਰਾਂ ਨੂੰ ਜਾਨਣ ਦੇ ਨਾਲ ਕਾਰੋਬਾਰੀ ਉੱਦਮੀਆਂ ਅਤੇ ਨਵੇਂ ਕਾਰੋਬਾਰੀਆਂ ਦੀਆਂ ਪ੍ਰਦਰਸ਼ਨੀਆਂ ਵਿੱਚ ਜਾ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਵਿੱਚ ਮੁੱਲ ਵਧਾਊ ਉਤਪਾਦਾਂ ਵਿੱਚ ਬਾਜਰੇ ਦੀ ਸਮਰੱਥਾ ਬਾਰੇ ਖੋਜ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਟੀਮ ਭੇਜਣ ਲਈ ਪੀਏਯੂ ਅਧਿਕਾਰੀਆਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ। ਭਾਗ ਲੈਣ ਵਾਲੇ ਪੀਏਯੂ ਦੇ ਵਿਦਿਆਰਥੀਆਂ ਨੇ ਇਸ ਕਾਨਫਰੰਸ ਨੂੰ ਬਹੁਤ ਲਾਹੇਵੰਦ ਕਿਹਾ ਅਤੇ ਇਹ ਗਿਆਨ ਭਰਪੂਰ ਮੌਕਾ ਪ੍ਰਦਾਨ ਕਰਨ ਲਈ ਮਾਨਯੋਗ ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ: ਪੀ ਕੇ ਛੁਨੇਜਾ ਦਾ ਧੰਨਵਾਦ ਕੀਤਾ।