
ਸ੍ਰੀ ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸੈਸ਼ਨ 2024-25 ਦੀ ਐਮ.ਏ. ਪੰਜਾਬੀ ਦੀ ਹੋਣਹਾਰ ਵਿਦਿਆਰਥਣ ਹਰਜੋਤ ਕੌਰ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਰਾਸ਼ਟਰੀ ਯੋਗਤਾ ਪ੍ਰੀਖਿਆ ਯੂ.ਜੀ.ਸੀ.ਨੈੱਟ. ਨੂੰ ਸਫ਼ਲਤਾਪੂਰਵਕ ਪਾਸ ਕਰਕੇ ਨਾਮਣਾ ਖੱਟਿਆ ਹੈ। ਵਰਣਨਯੋਗ ਹੈ ਕਿ ਪੰਜਾਬੀ ਵਿਭਾਗ ਦੀ ਵਿਦਿਆਰਥਣ ਹਰਜੋਤ ਕੌਰ ਨੇ ਸਹਾਇਕ ਪ੍ਰੋਫ਼ੈਸਰ ਦੀ ਯੋਗਤਾ ਨਾਲ ਨੈੱਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਵਿਭਾਗ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਹੋਣਹਾਰ ਵਿਦਿਆਰਥਣ ਸਮੇਤ ਸਮੂਹ ਪੰਜਾਬੀ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਾਲਜ ਹਮੇਸ਼ਾਂ ਹੀ ਆਪਣੇ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਪ੍ਰਦਾਨ ਕਰਦਾ ਆ ਰਿਹਾ ਹੈ ਤਾਂ ਜੋ ਉਹ ਸਮੇਂ ਦੇ ਹਾਣੀ ਬਣ ਸਕਣ ਅਤੇ ਜੀਵਨ ਵਿੱਚ ਸਫ਼ਲਤਾ ਹਾਸਲ ਕਰ ਸਕਣ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਸ਼ਿਦ ਰਸ਼ੀਦ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਦੱਸਿਆ ਹੈ ਕਿ ਹੁਣ ਤੱਕ ਪੰਜਾਬੀ ਵਿਭਾਗ ਦੇ ਕਈ ਵਿਦਿਆਰਥੀ ਨੈੱਟ ਦੀ ਪ੍ਰੀਖਿਆ ਅਤੇ ਹੋਰ ਉੱਚ ਪੱਧਰ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਉੱਚ ਅਹੁਦਿਆਂ ਉੱਪਰ ਕਾਰਜਸ਼ੀਲ ਹਨ। ਇਸ ਮੌਕੇ ਪੰਜਾਬੀ ਵਿਭਾਗ ਦੇ ਡਾ. ਸੁਖਜੀਤ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸ਼ਹਿਜੀਤ ਸਿੰਘ ਕੰਗ ਅਤੇ ਸਮੂਹ ਅਧਿਆਪਕ ਸਾਹਿਬਾਨ ਹਾਜ਼ਰ ਸਨ।