- ਐਮ.ਪੀ ਸੀਚੇਵਾਲ ਨੇ ਸੀਨੀਅਰ ਅਧਿਕਾਰੀਆਂ ਨਾਲ 'ਬੁੱਢੇ ਦਰਿਆ' ਦੇ ਨਾਲ-ਨਾਲ ਲਗਾਏ ਬੂਟੇ
- ਤਾਜਪੁਰ ਰੋਡ 'ਤੇ ਜੈਸਵਾਲ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕਿਆਂ 'ਚ ਖਾਲੀ ਪਲਾਟਾਂ 'ਚ ਸੁੱਟੇ 'ਅਣਸੋਧੇ ਪਾਣੀ' ਦੇ ਲਏ ਸੈਂਪਲ
ਲੁਧਿਆਣਾ, 6 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਦੇ ਜਲ ਸਰੋਤਾਂ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਰਾਜ ਸਭਾ ਐਮ.ਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਸੀਨੀਅਰ ਅਧਿਕਾਰੀਆਂ ਨਾਲ ਬੁੱਧਵਾਰ ਨੂੰ ਸਰਕਟ ਹਾਊਸ ਵਿਖੇ 'ਬੁੱਢੇ ਦਰਿਆ' ਸਬੰਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਐਮ.ਪੀ ਸੀਚੇਵਾਲ ਨੇ ਪੀ.ਪੀ.ਸੀ.ਬੀ. ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਡਾਇੰਗ ਇੰਡਸਟਰੀ ਵੱਲੋਂ ਬਿਨਾਂ ਟ੍ਰੀਟਮੈਂਟ ਕੀਤੇ ਪਾਣੀ ਨੂੰ ਨਗਰ ਨਿਗਮ ਸੀਵਰ ਲਾਈਨਾਂ ਵਿੱਚ ਡੰਪ ਕਰਨ ਵਿਰੁੱਧ ਸਖ਼ਤ ਕਾਰਵਾਈ ਕਰਨ। ਉਹਨਾਂ ਇਕਾਈਆਂ ਦੇ ਸੀਵਰ/ਬਿਜਲੀ ਕੁਨੈਕਸ਼ਨ ਕੱਟਣ ਜਾਂ ਉਨ੍ਹਾਂ ਉਦਯੋਗਿਕ ਇਕਾਈਆਂ 'ਤੇ ਵਾਤਾਵਰਣ ਮੁਆਵਜ਼ਾ (ਈ.ਸੀ) ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਜੋ ਅਜੇ ਵੀ 'ਬੁੱਢੇ ਦਰਿਆ' ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਮੀਟਿੰਗ ਦੌਰਾਨ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਏ.ਡੀ.ਸੀ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਪੀ.ਪੀ.ਸੀ.ਬੀ ਦੇ ਮੁੱਖ ਇੰਜਨੀਅਰ ਪਰਦੀਪ ਗੁਪਤਾ, ਸਮਾਜਿਕ ਕਾਰਕੁਨ ਹਰਦੇਵ ਸਿੰਘ ਦੌਧਰ ਸਮੇਤ ਨਗਰ ਨਿਗਮ, ਪੀ.ਪੀ.ਸੀ.ਬੀ ਅਤੇ ਡਰੇਨੇਜ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ 'ਬੁੱਢੇ ਦਰਿਆ' ਸਬੰਧੀ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਉਦਯੋਗਿਕ ਇਕਾਈਆਂ ਵੱਲੋਂ ਅਣਸੋਧਿਆ ਪਾਣੀ ਸੁੱਟਣ, ਕੂੜਾ ਪ੍ਰਬੰਧਨ, ਐਸ.ਟੀ.ਪੀਜ਼ ਅਤੇ ਸੀ.ਈ.ਟੀ.ਪੀਜ਼ ਦੀ ਕਾਰਜਪ੍ਰਣਾਲੀ ਆਦਿ ਸ਼ਾਮਲ ਹਨ। ਮੀਟਿੰਗ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਬੋਵਾਲ ਅਤੇ ਤਾਜਪੁਰ ਰੋਡ ਦੇ ਡੇਅਰੀ ਕੰਪਲੈਕਸਾਂ ਵਿੱਚ ਡੇਅਰੀ ਵੇਸਟ ਨੂੰ ਟ੍ਰੀਟ ਕਰਨ ਲਈ ਲਗਾਏ ਜਾ ਰਹੇ ਈ.ਟੀ.ਪੀ 31 ਮਾਰਚ ਤੱਕ ਚਾਲੂ ਕਰ ਦਿੱਤੇ ਜਾਣਗੇ। ਮੀਟਿੰਗ ਤੋਂ ਬਾਅਦ ਰਾਜ ਸਭਾ ਐਮ.ਪੀ ਸੀਚੇਵਾਲ ਨੇ ਹੋਰ ਅਧਿਕਾਰੀਆਂ ਨਾਲ ਤਾਜਪੁਰ ਰੋਡ 'ਤੇ 'ਬੁੱਢੇ ਦਰਿਆ' ਦੇ ਨਾਲ-ਨਾਲ ਬੂਟੇ ਲਗਾਉਣ ਦੀ ਮੁਹਿੰਮ ਵੀ ਚਲਾਈ। ਐਮ.ਪੀ ਸੀਚੇਵਾਲ ਨੇ 2 ਫਰਵਰੀ ਨੂੰ ਗੁਰਦੁਆਰਾ ਗਊ ਘਾਟ ਤੋਂ ' ਬੁੱਢੇ ਦਰਿਆ' ਦੇ ਨਾਲ-ਨਾਲ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਹੁਣ ਦਰਿਆ ਦੇ ਆਲੇ-ਦੁਆਲੇ ਹਰਿਆਲੀ ਫੈਲਾਉਣ ਲਈ ਪੜਾਅਵਾਰ ਬੂਟੇ ਲਗਾਏ ਜਾ ਰਹੇ ਹਨ। ਐਮ.ਪੀ ਸੀਚੇਵਾਲ ਨੇ ਗੈਰ ਸਰਕਾਰੀ ਸੰਗਠਨਾਂ/ਨਿਵਾਸੀਆਂ ਨੂੰ ਅੱਗੇ ਵਧਣ ਅਤੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕੁਝ ਸਨਅਤੀ ਨੁਮਾਇੰਦਿਆਂ ਵੱਲੋਂ ਖੁੱਲ੍ਹੇ ਪਲਾਟਾਂ ਵਿੱਚ 'ਉਦਯੋਗਿਕ ਅਣਸੋਧਿਆ ਪਾਣੀ' ਡੰਪ ਕੀਤੇ ਜਾਣ ਦੀ ਸ਼ਿਕਾਇਤ ਮਿਲਣ 'ਤੇ ਐਮ.ਪੀ ਸੀਚੇਵਾਲ ਸਮੇਤ ਹੋਰ ਅਧਿਕਾਰੀਆਂ ਨੇ ਤਾਜਪੁਰ ਰੋਡ 'ਤੇ ਜੈਸਵਾਲ ਕੰਪਲੈਕਸ ਅਤੇ ਆਸ-ਪਾਸ ਦੇ ਇਲਾਕਿਆਂ ਦਾ ਨਿਰੀਖਣ ਵੀ ਕੀਤਾ। ਖੁੱਲ੍ਹੇ ਪਲਾਟਾਂ ਵਿੱਚ ਡੰਪ ਕੀਤਾ ਗੰਦਾ ਪਾਣੀ ਦੇਖਦੇ ਹੋਏ ਐਮ.ਪੀ ਸੀਚੇਵਾਲ ਨੇ ਪੀ.ਪੀ.ਸੀ.ਬੀ ਅਧਿਕਾਰੀਆਂ ਨੂੰ ਸੈਂਪਲਿੰਗ ਕਰਨ ਅਤੇ ਉਨ੍ਹਾਂ ਉਦਯੋਗਿਕ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੋਂ ਖੁੱਲ੍ਹੇ ਪਲਾਟਾਂ ਵਿੱਚ ਅਣਸੋਧਿਆ ਪਾਣੀ ਡੰਪ ਕੀਤਾ ਜਾ ਰਿਹਾ ਹੈ। ਐਮ.ਪੀ ਸੀਚੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਨੂੰ 'ਰੰਗਲਾ ਪੰਜਾਬ' ਬਣਾਉਣ ਅਤੇ 'ਬੁੱਢੇ ਦਰਿਆ' ਨੂੰ ਸਾਫ਼ ਕਰਨਾ ਲਈ ਵਚਨਬੱਧ ਹੈ। ਐਮ.ਪੀ ਸੀਚੇਵਾਲ ਨੇ ਕਿਹਾ ਕਿ ਸਨਅਤਾਂ ਵੱਲੋਂ ਅਣਸੋਧਿਆ ਪਾਣੀ ਡੰਪ ਕਰਨ ਦੀਆਂ ਸ਼ਿਕਾਇਤਾਂ ਅਜੇ ਵੀ ਮਿਲ ਰਹੀਆਂ ਹਨ ਅਤੇ ਪੀ.ਪੀ.ਸੀ.ਬੀ ਅਧਿਕਾਰੀਆਂ ਨੂੰ ਇਸ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਦਯੋਗਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਅਤੇ ਅਣਸੋਧਿਆ ਪਾਣੀ ਡੰਪ ਕਰਨਾ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਬੁੱਢੇ ਦਰਿਆ ਦਾ ਪ੍ਰਦੂਸ਼ਣ ਸਤਲੁਜ ਦਰਿਆ ਨੂੰ ਵੀ ਪ੍ਰਦੂਸ਼ਿਤ ਕਰ ਰਿਹਾ ਹੈ, ਜੋ ਕਿ ਰਾਜਸਥਾਨ ਅਤੇ ਪੰਜਾਬ ਵਿੱਚ ਵੀ ਵੱਡੀ ਗਿਣਤੀ ਵਿੱਚ ਵਸਨੀਕਾਂ ਲਈ ਪੀਣ ਵਾਲੇ ਪਾਣੀ ਦਾ ਸਰੋਤ ਹੈ। ਐਮ.ਪੀ ਸੀਚੇਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੂਬੇ ਭਰ ਦੇ ਜਲ ਸਰੋਤਾਂ ਨੂੰ ਸਾਫ਼ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।