- ਸਪੀਕਰ ਸੰਧਵਾਂ, ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਕੀਤੀ ਵਿਸ਼ੇਸ਼ ਸ਼ਿਰਕਤ
ਫਰੀਦਕੋਟ 17 ਅਕਤੂਬਰ : ਅੱਜ ਸੂਬੇ ਭਰ ਤੋਂ ਪਹੁੰਚੇ ਵਾਲੀਬਾਲ ਸਮੈਸ਼ਿੰਗ ਦੇ ਖਿਡਾਰੀਆਂ ਨੇ ਢੋਲ ਢਮੱਕੇ ਨਾਲ ਰੰਗ ਬਿਰੰਗੇ ਖੂਬਸੂਰਤ ਲਿਬਾਸਾਂ ਵਿੱਚ ਨਹਿਰੂ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਵਿੱਚ ਬੜੇ ਹੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਚੇਅਰਮੈਨ ਇੰਮਰੂਵਮੈਂਟ ਟਰੱਸਟ ਗੁਰਤੇਜ ਸਿੰਘ ਖੋਸਾ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਅੱਜ ਖਿਡਾਰੀਆਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਸੀ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਰੰਗਲਾ ਪੰਜਾਬ ਬਣਨ ਵੱਲ ਤੇਜ਼ੀ ਨਾਲ ਪੈਰ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਦੁਨੀਆ ਦੀ ਕੋਈ ਵੀ ਤਾਕਤ ਪੰਜਾਬ ਨੂੰ ਨਸ਼ਾ ਮੁਕਤ ਅਤੇ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਬਾਧਾ ਉਤਪੰਨ ਨਹੀਂ ਕਰ ਸਕਦੀ। ਖੇਡ ਵਿਭਾਗ ਵੱਲੋਂ ਪਿਛਲੇ ਦਿਨਾਂ ਦੌਰਾਨ ਕੋਚਾਂ ਦੀ ਤਨਖਾਹ ਦੁੱਗਣੀ ਕਰਨ ਦੇ ਐਲਾਨ ਨੂੰ ਸੋਨੇ ਤੇ ਸੁਹਾਗਾ ਕਰਾਰ ਦਿੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਹੁਣ ਖਿਡਾਰੀਆਂ ਨੂੰ ਉੱਚ ਪੱਧਰੀ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਉਹ ਨਾ ਕੇਵਲ ਫਰੀਦਕੋਟ ਜਾਂ ਸਿਰਫ ਪੰਜਾਬ ਦਾ ਨਾਮ ਰੋਸ਼ਨ ਕਰ ਸਕਣ, ਬਲਕਿ ਭਾਰਤ ਦਾ ਪਰਚਮ ਵੀ ਧਰਤੀ ਦੇ ਕੋਨੇ ਕੋਨੇ ਵਿੱਚ ਲਹਿਰਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵਿੱਚ ਹਰ ਉਸ ਖਿਡਾਰੀ ਦੀ ਬਾਂਹ ਫੜਨ ਲਈ ਤਤਪਰ ਹੈ, ਜੋ ਦਿਨ ਰਾਤ ਇੱਕ ਕਰਕੇ ਸਖਤ ਮਿਹਨਤ ਨਾਲ ਤਮਗੇ ਲਿਆਉਣ ਦਾ ਚਾਹਵਾਨ ਹੈ। ਕੁਝ ਦਿਨ ਪਹਿਲਾਂ ਚੀਨ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚ ਵਰਲਡ ਰਿਕਾਰਡ ਬਣਾ ਕੇ ਅਤੇ ਸੋਨ ਤਮਗਾ ਜਿੱਤ ਕੇ ਆਉਣ ਵਾਲੀ ਫਰੀਦਕੋਟ ਦੀ ਧੀ ਸ਼ਿਫਤ ਕੌਰ ਸਮਰਾ ਦਾ ਵੀ ਸਪੀਕਰ ਸੰਧਵਾਂ ਨੇ ਬੱਚਿਆਂ ਨਾਲ ਮਿਲਣੀ ਦੌਰਾਨ ਵਿਸ਼ੇਸ਼ ਜ਼ਿਕਰ ਛੇੜਦਿਆਂ ਉਸ ਦੀ ਕਾਮਯਾਬੀ ਦੀ ਕਹਾਣੀ ਤੇ ਵੀ ਪੰਛੀ ਝਾਤ ਮਾਰੀ, ਅਤੇ ਨੌਜਵਾਨ ਖਿਡਾਰੀਆਂ ਨੂੰ ਇਸ ਹੋਣਹਾਰ ਸ਼ੂਟਰ ਤੋਂ ਸਿੱਦਕ ਅਤੇ ਸਖਤ ਮਿਹਨਤ ਦੇ ਗੁਰ ਸਿੱਖਣ ਲਈ ਕਿਹਾ। ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਜੋ ਕਿ ਖੁਦ ਵੀ ਬਾਸਕਿਟਬਾਲ ਦੇ ਖਿਡਾਰੀ ਰਹੇ ਹਨ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖਿਡਾਰੀਆਂ ਨੂੰ ਮੈਦਾਨ ਵਿੱਚ ਖੇਡ ਭਾਵਨਾ ਦੇ ਨਾਲ ਹੀ ਖੇਡਣਾ ਚਾਹੀਦਾ ਹੈ ਅਤੇ ਜੇਕਰ ਉਹ ਪੂਰੀ ਇਕਾਗਰਤਾ ਅਤੇ ਤਨਦੇਹੀ ਨਾਲ ਮਿਹਨਤ ਕਰਨ ਤਾਂ ਕਾਮਯਾਬ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਖਿਡਾਰੀਆਂ ਨੂੰ ਕੋਚਾਂ ਵੱਲੋਂ ਸਿਖਲਾਈ ਦੀ ਘਾਟ ਜਾਂ ਖੇਡਾਂ ਦੇ ਸਾਜ਼ੋ ਸਮਾਨ ਸਬੰਧੀ ਕਮੀ ਨੂੰ ਜ਼ਹਿਨ ਵਿੱਚ ਲਿਆ ਕੇ ਦੁਚਿੱਤੀ ਵਿੱਚ ਪੈਣ ਦੀ ਲੋੜ ਨਹੀਂ ਕਿਉਂ ਜੋ ਹੁਣ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਪਹਿਲਾਂ ਆਉਣ ਵਾਲੀਆਂ ਔਕੜਾਂ ਦੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਜਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇੰਨਾ ਖੇਡਾਂ ਵਿੱਚ ਸੂਬੇ ਭਰ ਤੋਂ 3500-4000 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ, ਜਿੰਨਾ ਦੇ ਰਹਿਣ ਅਤੇ ਖਾਣ ਪੀਣ ਦੀ ਵਿਵਸਥਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 16 ਅਕਤਬੂਰ ਨੂੰ ਲੜਕੀਆਂ ਦੀਆਂ ਟੀਮਾਂ ਦੀ ਸਕਰੀਨਿੰਗ ਕੀਤੀ ਗਈ ਅਤੇ ਅੱਜ ਅੰਡਰ 14,17,21,ਅਤੇ 21-30 ਲੜਕੀਆਂ ਦੇ ਮੁਕਾਬਲੇ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 18 ਅਕਤੂਬਰ ਨੂੰ ਅੰਡਰ 31-40 ਅਤੇ ਉੱਪਰ ਤੇ ਉਮਰ ਵਰਗ ਦੇ ਮੈਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 19 ਅਕਤੂਬਰ ਨੂੰ ਲੜਕਿਆਂ ਦੀ ਟੀਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ, 20 ਅਕਤੂਬਰ ਨੂੰ ਅੰਡਰ 14,17,21,ਅਤੇ 21-30, ਇਸੇ ਤਰ੍ਹਾਂ 21 ਅਕਤੂਬਰ ਨੂੰ ਅੰਡਰ 31-40 ਅਤੇ ਉੱਪਰ ਤੇ ਉਮਰ ਵਰਗ ਦੇ ਮੈਚ ਸਵੇਰੇ 09 ਵਜੇ ਸ਼ੁਰੂ ਕਰਵਾ ਦਿੱਤੇ ਜਾਣਗੇ।