ਜਗਰਾਉਂ 13 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਉਂ ਹਲਕੇ ਅੰਦਰ ਅਤਿ-ਆਧੁਨਿਕ ਖੇਡ ਸਟੇਡੀਅਮ ਬਨਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਬੀਬੀ ਮਾਣੂੰਕੇ ਦੇ ਯਤਨਾਂ ਸਦਕਾ ਹਲਕੇ ਵਿੱਚ ਪੰਜ ਖੇਡ ਸਟੇਡੀਅਮ ਬਨਾਉਣ ਲਈ ਪੰਜਾਬ ਸਰਕਾਰ ਵੱਲੋਂ ਦੋ ਕਰੋੜ ਰੁਪਏ ਤੋਂ ਵੱਧ ਦੀ ਗਰਾਂਟ ਜਾਰੀ ਕਰ ਦਿੱਤੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਸਾਡਾ ਮੁੱਖ ਮੰਤਵ ਨੌਜੁਆਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਕੇ ਖੇਡਾਂ ਦੇ ਖੇਤਰ ਨਾਲ ਜੋੜਨਾਂ ਹੈ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਹ ਆਪਣੀ ਟੀਮ ਸਮੇਤ ਲਗਾਤਾਰ ਯਤਨ ਕਰ ਰਹੇ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਜਗਰਾਉਂ ਸ਼ਹਿਰ ਵਿੱਚ ਇੰਨਡੋਰ ਬੈਡਮੈਂਟਨ ਖੇਡ ਸਟੇਡੀਅਮ ਲਈ 37 ਲੱਖ ਰੁਪਏ, ਪਿੰਡ ਡਾਂਗੀਆਂ ਦੇ ਖੇਡ ਸਟੇਡੀਅਮ ਲਈ 20.79 ਲੱਖ ਰੁਪਏ, ਪਿੰਡ ਸ਼ੇਖਦੌਲਤ ਦੇ ਖੇਡ ਸਟੇਡੀਅਮ ਲਈ 50.96 ਲੱਖ ਰੁਪਏ, ਪਿੰਡ ਲੰਮੇ ਦੇ ਖੇਡ ਸਟੇਡੀਅਮ ਲਈ 47.61 ਲੱਖ ਰੁਪਏ ਅਤੇ ਪਿੰਡ ਕਾਕੜ ਤਿਆੜਾ ਦੇ ਖੇਡ ਸਟੇਡੀਅਮ ਲਈ 52.04 ਲੱਖ ਰੁਪਏ ਦੀ ਗਰਾਂਟ ਜਾਰੀ ਕਰ ਦਿੱਤੀ ਗਈ ਹੈ ਅਤੇ ਇਹ ਖੇਡ ਸਟੇਡੀਅਮ ਅਤਿ-ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾਣਗੇ ਅਤੇ ਖੇਡ ਸਟੇਡੀਅਮਾਂ ਦੇ ਅੰਦਰ ਆਮ ਲੋਕਾਂ ਵਾਸਤੇ ਸੈਰ ਤੇ ਕਸਰਤ ਆਦਿ ਕਰਨ ਲਈ ਟਰੈਕ ਵੀ ਬਣਾਏ ਜਾਣਗੇ। ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਅਤੇ ਨੌਜੁਆਨਾਂ ਨੂੰ ਖੇਡਾਂ ਨਾਂਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ 'ਖੇਡਾਂ ਵਤਨ ਪੰਜਾਬ ਦੀਆਂ' ਕਰਵਾਕੇ ਪੰਜਾਬ ਸਰਕਾਰ ਵੱਲੋਂ ਖੇਡ ਪ੍ਰੇਮੀਆਂ, ਨੌਜੁਆਨਾਂ ਅਤੇ ਖਿਡਾਰੀਆਂ ਦਾ ਮਾਣ ਵਧਾਇਆ ਹੈ। ਉਹਨਾਂ ਆਖਿਆ ਕਿ ਆਧੁਨਿਕ ਤਕਨੀਕ ਨਾਲ ਬਣਨ ਵਾਲੇ ਖੇਡ ਸਟੇਡੀਅਮਾਂ ਨਾਲ ਜਿੱਥੇ ਖਿਡਾਰੀਆਂ ਨੂੰ ਮਿਆਰੀ ਕਿਸਮ ਦਾ ਖੇਡ ਪਲੇਟਫਾਰਮ ਮਿਲੇਗਾ, ਉਥੇ ਆਮ ਲੋਕਾਂ ਨੂੰ ਵੀ ਚੰਗੀ ਸਿਹਤ ਬਨਾਉਣ ਲਈ ਸੈਰ ਅਤੇ ਕਸਰਤ ਕਰਨ ਵਾਸਤੇ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਇਹਨਾਂ ਖੇਡ ਸਟੇਡੀਅਮਾਂ ਨਾਲ ਹਲਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ। ਬੀਬੀ ਸਰਵਜੀਤ ਕੌਰ ਮਾਣੂੰਕੇ ਆਸ ਦਾ ਪ੍ਰਗਟਾਵਾ ਕਰਦੇ ਹੋਏ ਆਖਿਆ ਕਿ ਇਹਨਾਂ ਖੇਡ ਸਟੇਡੀਅਮਾਂ ਵਿੱਚੋਂ ਚੰਗੇ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ, ਜੋ ਆਪਣੇ ਮਾਪਿਆਂ ਤੇ ਆਪਣੇ ਪਿੰਡ ਦੇ ਨਾਲ ਨਾਲ ਜਗਰਾਉਂ ਹਲਕੇ ਦਾ ਨਾਮ ਵੀ ਰਾਸ਼ਟਰੀ, ਅੰਤਰ ਰਾਸ਼ਟਰੀ ਖੇਡਾਂ ਵਿੱਚ ਉਚਾ ਕਰ ਸਕਣਗੇ। ਜ਼ਿਕਰਯੋਗ ਹੈ ਕਿ ਖੇਡ ਸਟੇਡੀਅਮਾਂ ਤੋਂ ਇਲਾਵਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਬਹੁਤ ਸਾਰੇ ਪਿੰਡਾਂ ਦੇ ਖਿਡਾਰੀਆਂ ਨੂੰ ਕ੍ਰਿਕਟ ਖੇਡਣ ਲਈ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਬਹੁਤ ਸਾਰੇ ਪਿੰਡਾਂ ਅੰਦਰ ਜਿੰਮ ਆਦਿ ਦਾ ਸਾਜੋ-ਸਮਾਨ ਸਥਾਪਿਤ ਕਰਵਾਇਆ ਗਿਆ ਹੈ, ਤਾਂ ਜੋ ਨੌਜੁਆਨ ਆਪਣੀ ਨਰੋਈ ਸਿਹਤ ਬਣਾ ਸਕਣ ਅਤੇ ਨਸ਼ਿਆਂ ਦੀ ਦਲਦਲ ਤੋਂ ਬਚ ਸਕਣ। ਇਸ ਮੌਕੇ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਨਾਂਲ ਪ੍ਰੋਫੈਸਰ ਵੀ ਹਾਜ਼ਰ ਸਨ।