- ਏ.ਡੀ.ਸੀ. ਈਸ਼ਾ ਸਿੰਗਲ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ
- ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 1500 ਖਿਡਾਰੀਆਂ ਨੇ ਹੁਣ ਤੱਕ ਕਰਵਾਈ ਰਜਿਸਟਰੇਸ਼ਨ
- 05 ਅਕਤੂਬਰ ਤੱਕ ਚੱਲਣ ਵਾਲੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 25 ਵੱਖ-ਵੱਖ ਖੇਡਾਂ ਦੇ ਤਿੰਨ ਫੇਸ ਵਿੱਚ ਕਰਵਾਏ ਜਾਣਗੇ ਮੁਕਾਬਲੇ
ਫ਼ਤਹਿਗੜ੍ਹ ਸਾਹਿਬ, 26 ਸਤੰਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਨੈਸ਼ਨਲ ਤੇ ਇੰਟਰਨੈਸ਼ਨਲ ਖੇਡਾਂ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਮਿਲ ਰਹੀਆਂ ਹਨ ਅਤੇ ਸੂਬੇ ਅੰਦਰ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਬਾਰੇ ਨੌਜਵਾਨਾਂ ਅੰਦਰ ਭਰਿਆ ਜੋਸ਼ ਵੇਖਣਯੋਗ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਇਨਡੋਰ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਇਨ੍ਹਾਂ ਖੇਡਾਂ ਵਿੱਚ ਜਿਸ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਉਹ ਆਪਣੇ ਆਪ ਵਿੱਚ ਬੇਮਿਸਾਲ ਹੈ ਜਿਸ ਤੋਂ ਸਪਸ਼ਟ ਹੈ ਕਿ ਆਉਂਦੇ ਸਮੇਂ ਅੰਦਰ ਸਾਡੇ ਖਿਡਾਰੀ ਹੋਰ ਵੀ ਵੱਡੀਆਂ ਮੱਲ੍ਹਾ ਮਾਰ ਕੇ ਆਪਣੇ ਦੇਸ਼, ਸੂਬੇ ਤੇ ਜ਼ਿਲ੍ਹੇ ਦਾ ਨਾਮ ਦੁਨੀਆਂ ਭਰ ਅੰਦਰ ਰੌਸ਼ਨ ਕਰਨਗੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਨੁੱਖੀ ਸਰੀਰ ਲਈ ਖੇਡਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਖੇਡਾਂ ਜਿਥੇ ਖਿਡਾਰੀਆਂ ਨੂੰ ਸਰੀਰਕ ਪੱਖੋਂ ਤੰਦਰੁਸਤ ਬਣਾਉਂਦੀਆਂ ਹਨ ਉਥੇ ਹੀ ਖਿਡਾਰੀ ਮਾਨਸਿਕ ਪੱਧਰ ਤੇ ਵੀ ਮਜਬੂਤ ਹੁੰਦੇ ਹਨ ਅਤੇ ਉਨ੍ਹਾਂ ਅੰਦਰ ਅਨੁਸ਼ਾਸ਼ਨ ਵਿੱਚ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇੱਕ ਚੰਗਾ ਖਿਡਾਰੀ ਉਹੀ ਹੁੰਦਾ ਹੈ ਜੋ ਕਿ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰੇ। ਇਸ ਲਈ ਖਿਡਾਰੀਆਂ ਨੂੰ ਨਤੀਜੇ ਦੀ ਪ੍ਰਵਾਹ ਨਾ ਕਰਦੇ ਹੋਏ ਪੂਰੀ ਮਿਹਨਤ ਤੇ ਸਮਰਪਣ ਦੀ ਭਾਵਨਾਂ ਨਾਲ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਤਿੰਨ ਫੇਸ ਵਿੱਚ ਕਰਵਾਈਆਂ ਜਾਣਗੀਆਂ ਅਤੇ ਪ੍ਰਸ਼ਾਸ਼ਨ ਵੱਲੋਂ ਖਿਡਾਰੀਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ। ਇਸ ਸਬੰਧੀ ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਅੱਜ ਸ਼ੁਰੂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ 05 ਅਕਤੂਬਰ ਤੱਕ ਚੱਲਣਗੀਆਂ ਅਤੇ ਹੁਣ ਤੱਕ 1500 ਖਿਡਾਰੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 5000 ਤੋਂ ਵੱਧ ਖਿਡਾਰੀਆਂ ਦੇ ਭਾਗ ਲੈਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ 28 ਸਤੰਬਰ ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਤੇ ਮਾਤਾ ਗੁਜਰੀ ਕਾਲਜ਼ ਫ਼ਤਹਿਗੜ੍ਹ ਸਾਹਿਬ ਵਿਖੇ ਬੈਡਮਿੰਟਨ, ਗੱਤਕਾ, ਚੈੱਸ, ਸਰਕਲ ਸਟਾਈਲ ਕਬੱਡੀ, ਖੋਹ-ਖੋਹ, ਕਿੱਕ ਬਾਕਸਿੰਗ, ਵਾਲੀਬਾਲ (ਸ਼ੂਟਿੰਗ) ਤੇ ਵੇਟ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਜਦੋਂ ਕਿ 29 ਸਤੰਬਰ ਤੋਂ 01 ਅਕਤੂਬਰ ਤੱਕ ਜੰਜ ਘਰ ਨਸਰਾਲੀ ਮੰਡੀ ਗੋਬਿੰਦਗੜ੍ਹ, ਆਰੀਆ ਸਕੂਲ ਮੰਡੀ ਗੋਬਿੰਦਗੜ੍ਹ, ਓ.ਪੀ. ਬਾਂਸਲ ਸਕੂਲ ਮੰਡੀ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਬਾਕਸਿੰਗ, ਲਾਅਨ ਟੈਨਿਸ, ਸ਼ੂਟਿੰਗ, ਸਵੀਮਿੰਗ, ਟੇਬਲ ਟੈਨਿਸ, ਜੂਡੋ, ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ। 02 ਅਕਤੂਬਰ ਤੋਂ 05 ਅਕਤੂਬਰ ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਫ਼ਤਹਿਗੜ੍ਹ ਸਾਹਿਬ, ਪੰਜੋਲੀ ਕਲਾਂ, ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਤੇ ਆਈ.ਟੀ.ਆਈ. ਬਸੀ ਪਠਾਣਾ ਵਿਖੇ ਫੁੱਟਬਾਲ, ਵਾਲੀਬਾਲ (ਸਮੈਸਿੰਗ), ਹੈਂਡਬਾਲ, ਕੁਸ਼ਤੀ, ਸਾਫਟਬਾਲ, ਨੈੱਟਬਾਲ ਤੇ ਹਾਕੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਨੋਡਲ ਅਫਸਰ ਤੇ ਬਾਸਕਟਬਾਲ ਕੋਚ, ਸ਼੍ਰੀ ਰਾਹੁਲਦੀਪ ਸਿੰਘ, ਬਾਸਕਟਬਾਲ ਕੋਚ ਰਮਨੀਕ ਸਿੰਘ, ਅਥਲੈਟਿਕ ਕੋਚ ਲਖਵੀਰ ਸਿੰਘ, ਫੁੱਟਬਾਲ ਕੋਚ ਸੁਖਦੀਪ ਸਿੰਘ, ਜਿਮਨਾਸਟਿਕ ਕੋਚ ਮਨੋਜ ਕੁਮਾਰ, ਅਥਲੈਟਿਕ ਕੋਚ ਭੁਪਿੰਦਰ ਕੌਰ, ਵਾਲੀਬਾਲ ਕੋਚ ਯਾਦਵਿੰਦਰ ਸਿੰਘ ਅਤੇ ਹੈਂਡਬਾਲ ਕੋਚ ਕੁਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜਰ ਸਨ।