- ਬਾਸਕਿਟਬਾਲ ਕਬੱਡੀ ਅਤੇ ਹਾਕੀ ਖਿਡਾਰੀਆਂ ਨੂੰ ਉਚੇਚੇ ਤੌਰ ਤੇ ਮਿਲੇ ਅਤੇ ਕੀਤਾ ਸਨਮਾਨਿਤ
- ਐਮ.ਐਲ.ਏ ਫਰੀਦਕੋਟ ਨੇ ਹਾਕੀ ਸਟੇਡੀਅਮ ਨੂੰ ਮੁਰੰਮਤ ਕਰਨ ਦੀ ਕੀਤੀ ਗੁਜਾਰਿਸ਼
ਫਰੀਦਕੋਟ 24 ਸਤੰਬਰ : ਪੰਜਾਬ ਦੇ ਖੇਡ ਮੰਤਰੀ, ਜਲ ਸਰੋਤ, ਖਣਨ ਤੇ ਭੂ ਵਿਗਿਆਨ, ਸਾਇੰਸ ਤਾਨਾਲੋਜੀ ਤੇ ਵਾਤਾਵਰਣ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਭੂਮੀ ਤੇ ਜਲ ਸੰਭਾਲ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਕੱਲ ਸ਼ਨੀਵਾਰ ਦੇਰ ਸ਼ਾਮ ਫਰੀਦਕੋਟ ਵਿਖੇ ਬਾਬਾ ਫਰੀਦ ਮੇਲੇ ਦੌਰਾਨ ਲਗਾਏ ਗਏ ਵੱਖ-ਵੱਖ ਖੇਡ ਟੂਰਨਾਮੈਂਟ ਵਿਚ ਜੇਤੂ ਰਹੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮਿਲਣ ਵਾਸਤੇ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਜਿੱਥੇ ਉਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਅਤੇ ਹੱਲਾਸ਼ੇਰੀ ਦਿੱਤੀ ਉਥੇ ਨਾਲ ਹੀ ਖੇਡਾਂ ਦੇ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਕਿਹਾ ਕਿ ਇਸ ਕੰਮ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸ਼ੇਖੋਂ ਨੇ ਮੰਤਰੀ ਮੀਤ ਹੇਅਰ ਨੂੰ ਗੁਜਿਰਿਸ਼ ਕੀਤੀ ਕਿ ਫਰੀਦਕੋਟ ਜਿਲ੍ਹੇ ਦੇ ਬਹੁਤ ਵਧੀਆ ਅਤੇ ਉੱਚ ਪੱਧਰ ਦੇ ਖਿਡਾਰੀ ਅਤਿਅੰਤ ਰੂਚੀ ਨਾਲ ਇਸ ਖੇਡ ਨੂੰ ਖੇਡਦੇ ਹਨ, ਪ੍ਰੰਤੂ ਹਾਕੀ ਐਸਟਰੋਟਰਫ ਦੀ ਹਾਲਤ ਕੁਝ ਖਾਸ ਚੰਗੀ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਅੜਚਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮ.ਐਲ.ਏ ਫਰੀਦਕੋਟ ਦੀ ਇਸ ਗੁਜਾਰਿਸ਼ ਤੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੈਂ ਖੁਦ ਚੱਲ ਕੇ ਹਾਕੀ ਐਸਟਰੋਟਰਫ ਦੇਖਣਾ ਚਾਹਾਂਗਾ। ਉਹ ਸਮੁੱਚੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਮਲੇ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਹਾਕੀ ਸਟੇਡੀਅਮ ਪੁੱਜੇ ਅਤੇ ਸਾਰੇ ਗਰਾਊਂਡ ਦੇ ਵਿਚ ਗੇੜਾ ਲਗਾ ਕੇ ਇਕੱਲੀ-ਇਕੱਲੀ ਚੀਜ ਬਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ। ਉਨ੍ਹਾਂ ਇਸ ਮੌਕੇ ਐਸਟਰੋਟਰਫ ਤੇ ਆਉਣ ਵਾਲੇ ਖਰਚੇ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਨੋਟ ਕਰਕੇ ਚਿੱਠੀ ਬਣਾ ਕੇ ਉਨ੍ਹਾਂ ਨੂੰ ਲਿਖ ਕੇ ਭੇਜਣ ਵਾਸਤੇ ਹਦਾਇਤ ਕੀਤੀ। ਇਸ ਉਪਰੰਤ ਉਹ ਕਬੱਡੀ ਦਾ ਮੈਚ ਦੇਖਣ ਗਏ ਜਿੱਥੇ ਉਨ੍ਹਾਂ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਬਾਬਾ ਫਰੀਦ ਆਗਮਨ ਪੂਰਬ ਦੀਆਂ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਉਪਰੰਤ ਉਹ ਦੇਰ ਰਾਤ ਤੱਕ ਫਰੀਦਕੋਟ ਵਿਖੇ ਹੋ ਰਹੇ ਬਾਸਕਿਟਬਾਲ ਟੂਰਨਾਮੈਂਟ ਵਿਚ ਵੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਬਾਸਕਿਟਬਾਲ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।