ਲੁਧਿਆਣਾ, 29 ਅਕਤੂਬਰ : ਲੁਧਿਆਣਾ 'ਚ ਤੇਜ਼ ਰਫਤਾਰ ਸਵਿਫਟ ਕਾਰ ਨੇ ਤਿੰਨ ਲੋਕਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਹਾਦਸਾ ਦੇਰ ਰਾਤ ਸ਼ੇਰਪੁਰ ਚੌਕ ਨੇੜੇ ਦਾਦਾ ਮੋਟਰਜ਼ ਦੇ ਸਾਹਮਣੇ ਵਾਪਰਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ।ਚਸ਼ਮਦੀਦਾਂ ਮੁਤਾਬਕ ਕਾਰ ਬਹੁਤ ਤੇਜ਼ ਰਫਤਾਰ 'ਤੇ ਸੀ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਾਰ ਖੜ੍ਹੇ ਰਿਕਸ਼ਾ, ਬਾਈਕ ਅਤੇ ਸਾਈਕਲ ਸਵਾਰ ਨਾਲ ਟਕਰਾ ਗਈ।ਲੋਕਾਂ ਦਾ ਦੋਸ਼ ਹੈ ਕਿ ਕਾਰ ਚਾਲਕ ਗਲਤ ਸਾਈਡ ਤੋਂ ਆ ਰਿਹਾ ਸੀ। ਕਾਰ ਨਾਲ ਟਕਰਾ ਜਾਣ ਕਾਰਨ ਰਿਕਸ਼ਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ ਦੋਵੇਂ ਸਾਈਕਲ ਸਵਾਰ ਅਤੇ ਬਾਈਕ ਸਵਾਰ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਉਨ੍ਹਾਂ ਦੀ ਨਾਜ਼ੁਕ ਹਾਲਤ ਦੇਖਦਿਆਂ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ।ਜ਼ਖ਼ਮੀਆਂ ਦੀ ਪਛਾਣ ਰਾਮਬਚਨ (30) ਵਾਸੀ ਗਲੀ ਨੰਬਰ 7, ਪ੍ਰਤਾਪ ਨਗਰ ਅਤੇ ਉਸ ਦੇ ਦੋਸਤ ਪ੍ਰੇਮ ਚੰਦ ਵਜੋਂ ਹੋਈ ਹੈ। ਦੋਵੇਂ ਇੱਕ ਫੈਕਟਰੀ ਵਿੱਚ ਇਕੱਠੇ ਕੰਮ ਕਰਦੇ ਸਨ। ਜਿੱਥੋਂ ਉਹ ਸ਼ਨੀਵਾਰ ਦੇਰ ਰਾਤ ਘਰ ਪਰਤ ਰਹੇ ਸਨ। ਹਾਦਸੇ 'ਚ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇੱਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਦਲੀਪ ਸ਼ਾਹ ਵਾਸੀ ਛੋਟੀ ਹੈਬੋਵਾਲ ਵਜੋਂ ਹੋਈ ਹੈ।