
ਸ੍ਰੀ ਫ਼ਤਹਿਗੜ੍ਹ ਸਾਹਿਬ, 24 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵੱਲੋਂ ਵਿਦੇਸਾਂ ਵਿਚ ਸਿਖ ਅਧਿਐਨ ਲਈ ਚੁਣੌਤੀਆਂ ਵਿਸ਼ੇ ਉਤੇ ਡਾ ਗਿਆਨ ਸਿੰਘ ਸੰਧੂ, ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਕਿਹਾ ਕਿ ਸਿਖ ਅਧਿਐਨ ਨੂੰ ਵਿਸ਼ਵ ਭਰ ਵਿਚ ਫੈਲਾਉਣ ਲਈ ਜਰੂਰੀ ਹੈ ਕਿ ਅਸੀਂ ਇਸ ਕਾਰਜ ਲਈ ਦਰਪੇਸ਼ ਚੁਣੌਤੀਆਂ ਤੋਂ ਜਾਣੂੰ ਹੋਈਏ। ਉਨ੍ਹਾਂ ਆਖਿਆ ਕਿ ਡਾ ਗਿਆਨ ਸਿੰਘ ਸੰਧੂ ਜਿਹੇ ਵਿਸ਼ਵ ਪੱਧਰ ਦੀ ਅਨੁਭਵੀ ਸ਼ਖਸੀਅਤ ਨੂੰ ਇਸ ਅਹਿਮ ਵਿਸ਼ੇ ’ਤੇ ਸੁਣਨਾ ਬੇਹਦ ਲਾਹੇਵੰਦਾ ਸਾਬਤ ਹੋਇਆ ਹੈ। ਵਿਦਵਾਨ ਵਕਤਾ ਡਾ ਗਿਆਨ ਸਿੰਘ ਸੰਧੂ, ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਨੇ ਸੱਭਿਆਚਾਰਕ ਮਹੌਲ, ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ, ਪੱਛਮੀ ਅਕਾਦਮਿਕ ਸੰਸਥਾਵਾਂ ਵਿਚ ਸਿੱਖ ਵਿਦਵਾਨਾਂ ਦੀ ਘਾਟ ਨੂੰ ਵਿਦੇਸਾਂ ਵਿਚ ਸਿਖ ਅਧਿਐਨ ਨੂੰ ਦਰਪੇਸ਼ ਚੁਣੌਤੀਆਂ ਮੰਨਿਆ। ਉਨ੍ਹਾਂ ਆਖਿਆ ਪੱਛਮੀ ਸੰਸਾਰ ਨੂੰ ਸਿੱਖੀ ਦੇ ਬਾਰੇ ਦੱਸਣ ਲਈ ਸਾਡੇ ਵਿਦਵਾਨਾਂ ਨੂੰ ਫਰੈਂਚ, ਅੰਗ੍ਰੇਜੀ, ਪੁਰਤਗਾਲੀ ਅਤੇ ਜਰਮਨ ਆਦਿ ਪੱਛਮੀ ਜੁਬਾਨਾਂ ਦੀ ਮੁਹਾਰਤ ਹੋਣੀ ਬੇਹਦ ਜਰੂਰੀ ਹੈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਸੁੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਵਿਦੇਸ਼ਾਂ ਵਿਚ ਸਿਖ ਅਧਿਐਨ ਲਈ ਚੁਣੌਤੀਆਂ ਵਿਸ਼ੇ ਉਤੇ ਚਰਚਾ ਕਰਵਾਉਣ ਲਈ ਸ੍ਰੀ ਗੁੁਰੂ ਗ੍ਰੰਥ ਸਾਹਿਬ ਵਿਭਾਗ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮੇਂ ਦੀ ਲੋੜ ਹਨ। ਸਮਾਗਮ ਦਾ ਆਗਾਜ਼ ਡਾ ਹਰਦੇਵ ਸਿੰਘ, ਮੁੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵਲੋਂ ਸਵਾਗਤੀ ਸ਼ਬਦਾਂ ਨਾਲ ਕੀਤਾ ਗਿਆ। ਉਨ੍ਹਾਂ ਆਖਿਆ ਕਿ ਧਰਮ ਅਧਿਐਨ ਵਿਭਾਗ ਧਰਮ ਅਤੇ ਸਿੱਖ ਅਧਿਐਨ ਨੂੰ ਵਿਸ਼ਵ ਅਕਾਦਮਿਕ ਜਗਤ ਦੇ ਹਾਣ ਦਾ ਬਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਮਾਗਮ ਦੀ ਸਮਾਪਤੀ ਡਾ ਪਲਵਿੰਦਰ ਕੌਰ ਦੇ ਧੰਨਵਾਦੀ ਮਤੇ ਨਾਲ ਹੋਈ। ਉਨ੍ਹਾਂ ਨੇ ਮਹਿਮਾਨਾਂ, ਵਿਦਵਾਨ ਵਕਤਾ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ ਕਿਰਨਦੀਪ ਕੌਰ, ਡਾ ਅਜੇ ਪਾਲ ਸਿੰਘ, ਜਸਵੀਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜਰ ਸਨ।