ਬਿਜਲੀ ਮੁਆਫੀ ਦੇ ਕੇ ਵੀ ਬਿਜਲੀ ਵਿਭਾਗ 311 ਕਰੋੜ ਰੁਪਏ ਦੇ ਫਾਇਦੇ 'ਚ : ਈਟੀਓ 

ਬਿਆਸ, 6 ਅਪ੍ਰੈਲ 2025 : ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਡਾਲਾ ਜੌਹਲ ਦੇ ਸਮਾਗਮ ਵਿੱਚ ਕੈਬਨਿਟ ਮੰਤਰੀ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਹਰਭਜਨ ਸਿੰਘ ਈਟੀਓ ਨੇ ਸੰਬੋਧਨ ਕਰਦਿਆਂ ਆਪਣੇ ਜੀਵਨ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਜੇਕਰ ਆਦਮੀ ਕੁਝ ਕਰਨਾ ਠਾਣ ਲਵੇ ਤਾਂ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਉਹਨਾਂ ਕਿਹਾ ਕਿ ਤੁਹਾਡੇ ਪਿਆਰ ਅਤੇ ਅਸ਼ੀਰਵਾਦ ਨਾਲ ਮੈਨੂੰ ਸ ਭਗਵੰਤ ਸਿੰਘ ਮਾਨ ਨੇ ਮਹੱਤਵਪੂਰਨ ਮਹਿਕਮਿਆਂ ਦੀ ਜਿੰਮੇਵਾਰੀ ਸੌਂਪੀ ਅਤੇ ਮੈਂ ਉਹਨਾਂ ਲਈ ਦਿਨ ਰਾਤ ਕੰਮ ਕਰਦੇ ਹੋਏ ਅੱਜ ਇਸ ਪੱਧਰ ਉੱਤੇ ਬਿਜਲੀ ਵਿਭਾਗ ਨੂੰ ਲਿਆਂਦਾ ਹੈ ਕਿ ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫੀ ਦੇਣ ਦੇ ਬਾਵਜੂਦ ਵੀ ਵਿਭਾਗ 311 ਕਰੋੜ ਰੁਪਏ ਦੇ ਮੁਨਾਫੇ ਵਿੱਚ ਹੈ। ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਘਰ ਘਰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਦਾ ਜ਼ਿਕਰ ਕਰਦੇ ਉਹਨਾਂ ਦੱਸਿਆ ਕਿ ਹੁਣ ਤੱਕ 53206 ਵਾਸੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨਾਂ ਵਿੱਚੋਂ ਅੱਠ ਬੱਚੇ ਇਸ ਪਿੰਡ ਦੇ ਵੀ ਸ਼ਾਮਿਲ ਹਨ। ਉਹਨਾਂ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੇ ਦੁੱਖ ਸੁੱਖ ਦੀ ਭਾਈਵਾਲ ਹੈ, ਕਿਸੇ ਮਾਫੀਏ ਦੀ ਨਹੀਂ, ਜਿਸ ਸਦਕਾ ਅਸੀਂ ਲੋਕਾਂ ਦੇ ਦੁੱਖ ਨੂੰ ਸਮਝਦੇ ਹੋਏ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਰਦਾਰ ਭਗਤ ਸਿੰਘ ਵੱਲੋਂ ਲਏ ਸੁਪਨਿਆਂ ਦੀ ਆਜ਼ਾਦੀ ਅਜੇ ਨਹੀਂ ਆਈ ਇਸ ਆਰਥਿਕ ਆਜ਼ਾਦੀ ਲਈ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਤਾਂ ਜੋ ਅਮੀਰੀ ਅਤੇ ਗਰੀਬੀ ਦਾ ਪਾੜਾ ਮਿਟੇ। ਉਹਨਾਂ ਬੱਚਿਆਂ ਨੂੰ ਮੁਖ਼ਾਤਿਬ ਹੁੰਦੇ ਕਿਹਾ ਕਿ ਤਰੱਕੀ ਦਾ ਇੱਕੋ ਇੱਕ ਹਥਿਆਰ ਸਿੱਖਿਆ ਹੈ, ਇਸ ਲਈ ਸਿੱਖਿਆ ਲੈ ਕੇ ਸਮੇਂ ਦੇ ਹਾਣੀ ਬਣੋ ਤਾਂ ਹੀ ਤੁਹਾਡੇ ਪਰਿਵਾਰਾਂ ਦੀ ਤਰੱਕੀ ਹੋ ਸਕੇਗੀ। ਉਹਨਾਂ ਪੰਜਾਬ ਦੇ ਬਦਲਦੇ ਸਕੂਲਾਂ ਦੀ ਗੱਲ ਕਰਦੇ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਹੋ ਚੁੱਕਾ ਹੈ, ਸਕੂਲਾਂ ਦੀ ਤਸਵੀਰ ਬਦਲੀ ਹੈ ਅਤੇ ਬੱਚਿਆਂ ਦੀ ਤਕਦੀਰ ਬਦਲ ਰਹੀ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਮੈਰਿਟ ਵਿੱਚ ਆਉਂਦੇ ਹਨ, ਸਰਕਾਰੀ ਨੌਕਰੀਆਂ ਵਿੱਚੋਂ ਹੀ ਆਪਣਾ ਹਿੱਸਾ ਲੈਂਦੇ ਹਨ। ਉਹਨਾਂ ਅਧਿਆਪਕਾਂ ਨੂੰ ਦਿਲੋਂ ਜਾਨ ਨਾਲ ਮਿਹਨਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸਾਡੀ ਸਰਕਾਰ ਕੋਲ ਸਿਹਤ ਅਤੇ ਸਿੱਖਿਆ ਲਈ ਫੰਡਾਂ ਦੀ ਕੋਈ ਕਮੀ ਨਹੀਂ, ਤੁਸੀਂ ਜੋ ਵੀ ਹੁਕਮ ਸਕੂਲਾਂ ਤੇ ਹਸਪਤਾਲਾਂ ਲਈ ਮੈਨੂੰ ਲਗਾਓਗੇ ਮੈਂ ਹਾਜ਼ਰ ਹਾਂ। ਇਸ ਮੌਕੇ ਉਹਨਾਂ ਨਾਲ ਪ੍ਰਿੰਸੀਪਲ ਕੰਵਲਜੀਤ ਸਿੰਘ, ਚੇਅਰਮੈਨ ਸ਼ਨਾਖ ਸਿੰਘ, ਸਰਪੰਚ ਜਗਜੀਤ ਸਿੰਘ, ਰਣਜੀਤ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਦਿਲਬਾਗ ਸਿੰਘ ਲਕਸਮਣ ਸਿੰਘ, ਬਲਵਿੰਦਰ ਸਿੰਘ ਰਾਣਾ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।