- ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਤਿੰਨ ਪੱਕੇ ਘਰ ਡਿੱਗੇ, 188 ਘਰ ਨੁਕਸਾਨੇ ਅਤੇ ਦੋ ਵਿਅਕਤੀਆਂ ਦੀ ਗਈ ਜਾਨ
- ਸਰਕਾਰ ਦੇ ਆਦੇਸ਼ਾਂ ਅਨੁਸਾਰ ਸਬੰਧਤ ਅਧਿਕਾਰੀ ਪਿੰਡ-ਪਿੰਡ ਜਾ ਕੇ ਕਰ ਰਹੇ ਗਿਰਦਾਵਰੀ ਦਾ ਕੰਮ
ਫ਼ਤਹਿਗੜ੍ਹ ਸਾਹਿਬ, 02 ਅਗਸਤ : ਜ਼ਿਲ੍ਹੇ ਵਿੱਚ ਆਏ ਹੜ੍ਹਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਪੈਸ਼ਲ ਗਿਰਦਾਵਰੀਆਂ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਗਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾਂ ਨਾਲ ਕੀਤੀ ਵੀਡੀਓ ਕਾਨਫਰਸਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਬੰਧਤ ਵਿਭਾਗਾਂ ਦੀਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਕਿ ਪਿੰਡ-ਪਿੰਡ ਜਾ ਕੇ ਗਿਰਦਾਵਰੀ ਦਾ ਕੰਮ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਸੀ ਜਿਸ ਦਾ ਬਣਦਾ ਮੁਆਵਜ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੜ੍ਹਾਂ ਕਾਰਨ ਜ਼ਿਲ੍ਹੇ ਵਿੱਚ ਦੋ ਪੱਕੇ ਮਕਾਨਾਂ ਦਾ ਜਿਆਦਾ ਨੁਕਸਾਨ ਹੋਇਆ ਅਤੇ 188 ਪੱਕੇ ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਸੀ ਇਸ ਤੋਂ ਇਲਾਵਾ ਹੜ੍ਹਾਂ ਕਾਰਨ ਨੁਕਸਾਨੀਆਂ ਨਹਿਰਾਂ ਦੇ ਪੁਲ੍ਹਾਂ ਦੀ ਮੁਰੰਮਤ ਕਰਨ ਲਈ ਵੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਪੰਜਾਬ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਅਨੁਸਾਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਵਾਸਤੇ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਸਰਕਾਰ ਵੱਲੋਂ ਮੁਆਵਜ਼ਾ ਦੇਣ ਸਬੰਧੀ ਦਿੱਤੇ ਜਾਣ ਵਾਲੇ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇਗੀ। ਪਰਨੀਤ ਸ਼ੇਰਗਿੱਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅਧਿਕਾਰੀ ਖੁਦ ਫੀਲਡ ਵਿੱਚ ਜਾਣ ਤਾਂ ਜੋ ਲੋਕਾਂ ਅਤੇ ਪ੍ਰਸ਼ਾਸ਼ਨ ਵਿਚਾਲੇ ਸੁਖਾਵੇਂ ਸਬੰਧ ਬਣੇ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਸਪੈਸ਼ਲ ਗਿਰਦਾਵਰੀਆਂ ਦਾ ਕੰਮ ਪੂਰੀ ਜਿਮੇਵਾਰੀ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਿਆ ਜਾਵੇ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦਾ ਬੀਜ ਵੀ ਮੁਫਤ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸਾਨ ਖਰਾਬ ਹੋਈ ਫਸਲ ਦੀ ਥਾਂ ਦੁਬਾਰਾ ਬਿਜਾਈ ਕਰ ਸਕਣ।ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਸ਼੍ਰੀ ਸੰਦੀਪ ਕੁਮਾਰ ਵੀ ਮੌਜੂਦ ਸਨ।