- ਟ੍ਰੇਨਿੰਗ ਦਾ ਲਾਹਾ ਲੈਣ ਲਈ 14 ਅਗਸਤ ਤੋਂ ਪਹਿਲਾਂ ਪਹਿਲਾਂ ਕਰਨ ਡੇਅਰੀ ਕੇਂਦਰ ਗਿੱਲ ਨਾਲ ਰਾਬਤਾ
- ਟ੍ਰੇਨਿੰਗ ਉਪਰੰਤ ਕਰਜ਼ਾ ਕੇਸ ਤੇ ਮਿਲੇਗੀ 33 ਫੀਸਦੀ ਸਬਸਿਡੀ- ਨਿਰਵੈਰ ਸਿੰਘ ਬਰਾੜ
ਮੋਗਾ, 9 ਅਗਸਤ : ਪੰਜਾਬ ਸਰਕਾਰ ਵੱਲੋ ਸੂਬੇ ਵਿਚ ਖੇਤੀ ਵਿਭਿੰਨਤਾ ਲਿਆਉਣ ਅਤੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦਿਆ ਵੱਲ ਆਕਰਸ਼ਿਤ ਕਰਨ ਅਤੇ ਸਵੈ-ਰੋਜ਼ਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁਡ ਫਾਰ ਐਸ.ਸੀ ਬੈਨੀਫਿਸ਼ਰੀਜ਼ ਨੂੰ ਪੂਰੇ ਪੰਜਾਬ ਵਿਚ ਲਾਗੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ ਜ਼ਿਲ੍ਹਾ ਮੋਗਾ ਸ਼੍ਰੀ ਨਿਰਵੈਰ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 2 ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਪੰਜਾਬ ਦੇ ਵੱਖ-ਵੱਖ ਡੇਅਰੀ ਟ੍ਰੇਨਿੰਗ ਸੈਂਟਰਾਂ ਜਰੀਏ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਿਖਿਆਰਥੀਆਂ ਨੂੰ ਡੇਅਰੀ ਯੁਨਿਟ ਵੀ ਸਥਾਪਿਤ ਕਰਵਾ ਕੇ ਦਿੱਤਾ ਜਾਂਦਾ ਹੈ। ਜ਼ਿਲ੍ਹਾ ਮੋਗਾ ਦੇ ਸਿਰਫ਼ ਅਨੁਸੂਚਿਤ ਜਾਤੀ ਨਾਲ ਸਬੰਧਤ ਚਾਹਵਾਨ ਡੇਅਰੀ ਫਾਰਮਰ ਇਸ ਯੋਜਨਾ ਜਾਂ ਮੁਫ਼ਤ ਸਿਖਲਾਈ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਇਹ ਟ੍ਰੇਨਿੰਗ ਲੈਣ ਦੇ ਚਾਹਵਾਨ 14 ਅਗਸਤ, 2023 ਤੋਂ ਪਹਿਲਾਂ ਪਹਿਲਾਂ ਆਪਣੇ ਲੋੜੀਂਦੇ ਦਸਤਾਵੇਜ਼ਾਂ ਨਾਲ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਮੋਗਾ ਐਟ ਗਿੱਲ ਵਿਖੇ ਕੰਮ ਕਾਜ ਵਾਲੇ ਦਿਨ ਸੰਪਰਕ ਕਰਕੇ ਨਾਮ ਦਰਜ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਸਿਖਿਆਰਥੀ ਘੱਟੋ-ਘੱਟ ਪੰਜਵੀਂ ਪਾਸ ਹੋਵੇ। ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ ਅਤੇ ਉਹ ਦਿਹਾਤੀ ਪਿਛੋਕੜ ਦਾ ਹੋਵੇ । ਨਾਮ ਦਰਜ ਕਰਵਾਉਣ ਸਮੇਂ ਉਮੀਦਵਾਰ ਵੱਲੋਂ ਜਾਤੀ ਨਾਲ ਸਬੰਧਤ ਸਰਟੀਫਿਕੇਟ, ਪੜ੍ਹਾਈ ਨਾਲ ਸਬੰਧਤ ਸਰਟੀਫਿਕੇਟ, ਉਮਰ ਨਾਲ ਸਬੰਧਤ ਸਰਟੀਫਿਕੇਟ ਆਦਿ ਪੇਸ਼ ਕਰਨੇ ਲਾਜ਼ਮੀ ਹੋਣਗੇ। ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਹੋਵੇ । ਇਸ ਸਬੰਧੀ ਵਧੇਰੀ ਜਾਣਕਾਰੀ ਲਈ 94630-77188, 79733-84004 ਨੰਬਰਾਂ ਉੱਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।